Punjab

ਮਿਲਨੀ ਤੋਂ ਪਹਿਲਾਂ ਲਾੜੀ ਨੇ ਬਾਰਾਤ ਵਾਪਸ ਭੇਜੀ ! ਲਾੜੇ ਨੂੰ ਲਾਹਨਤਾਂ ਪਾਈਆਂ ! ਪਰਿਵਾਰ ਦੀ ਵੀ ਚੰਗੀ ਲਾਹ-ਪਾਹ ਕੀਤੀ

ਬਿਉਰੋ ਰਿਪੋਰਟ : ਪੰਜਾਬ ਦੀ ਸਰਹੱਦ ਨਾਲ ਲੱਗ ਦੇ ਹਿਮਾਚਲ ਦੇ ਊਨਾ ਜ਼ਿਲ੍ਹੇ ਤੋਂ ਇੱਕ ਕੁੜੀ ਨੇ ਬੜੀ ਹੀ ਦਲੇਰੀ ਵਾਲਾ ਕੰਮ ਕੀਤਾ ਹੈ । ਮਾਪਿਆਂ ਦਾ ਸਿਰ ਨਾ ਝੁਕੇ ਉਸ ਤੋਂ ਪਹਿਲਾਂ ਹੀ ਉਸ ਨੇ ਆਪਣੀ ਜ਼ਿੰਦਗੀ ਦੇ ਸਭ ਤੋਂ ਅਹਿਮ ਦਿਨ ‘ਤੇ ਲਾਲਚੀਆਂ ਦਾ ਸਿਰ ਝੁਕਾ ਦਿੱਤਾ ਹੈ । ਦਅਰਸਲ ਵਿਦੇਸ਼ ਤੋਂ ਆਏ ਇੱਕ ਮੁੰਡੇ ਦੇ ਨਾਲ ਊਨਾ ਜ਼ਿਲ੍ਹੇ ਦੇ ਬੰਗਾਨਾ ਦੀ ਰਹਿਣ ਵਾਲੀ ਕੁੜੀ ਦਾ ਰਿਸ਼ਤਾ ਹੋਇਆ ਸੀ । ਰਿਸ਼ਤੇ ਦੌਰਾਨ ਲਾੜੇ ਦੇ ਘਰ ਵਾਲਿਆਂ ਨੇ ਕਿਸੇ ਵੀ ਤਰ੍ਹਾਂ ਦੇ ਦਾਜ ਦੀ ਮੰਗ ਨਹੀਂ ਕੀਤੀ । ਉਸ ਤੋਂ ਬਾਅਦ ਚੁੰਨੀ ਚੜ੍ਹਾਉਣ ਦੀ ਰਸਮ ਪੂਰੀ ਕਰਨ ਵੇਲੇ ਵੀ ਸਹੁਰੇ ਪਰਿਵਾਰ ਵਾਲਿਆਂ ਨੇ ਕੋਈ ਡਿਮਾਂਡ ਨਹੀਂ ਕੀਤੀ । ਪਰ ਜਿਸ ਦਿਨ ਵਿਆਹ ਸੀ ਮੁੰਡੇ ਵਾਲਿਆਂ ਨੇ ਦਾਜ ਦੇ ਲਈ ਮੂੰਹ ਅੱਡ ਲਿਆ ਤਾਂ ਕੁੜੀ ਨੇ ਪੂਰੀ ਬਾਰਾਤ ਨੂੰ ਸਬਕ ਸਿਖਾਇਆ ।

ਮਿਲਨੀ ਤੋਂ ਪਹਿਲਾਂ ਦਾਜ ਦੀ ਮੰਗ

ਊਨਾ ਦੀ ਕੁੜੀ ਦਾ ਵਿਆਹ ਹਮੀਰਪੁਰ ਦੇ ਗਲੋਰ ਦੇ ਰਹਿਣ ਵਾਲੇ ਮੁੰਡੇ ਨਾਲ ਹੋ ਰਿਹਾ ਸੀ । ਮੁੰਡਾ ਵਿਦੇਸ਼ ਰਹਿੰਦਾ ਸੀ । ਪਰ ਲਾਲਚ ਸਿਰ ਚੜ੍ਹ ਕੇ ਬੋਲ ਰਿਹਾ ਸੀ । ਪਰਿਵਾਰ ਨੇ ਬਾਰਾਤ ਅੰਦਰ ਆਉਣ ਤੋਂ ਪਹਿਲਾਂ ਕੁੜੀ ਵਾਲਿਆਂ ਤੋਂ ਕਾਰ ਅਤੇ ਕੈਸ਼ ਦੀ ਮੋਟੀ ਰਕਮ ਅਤੇ ਗਹਿਣੇ ਮੰਗ ਲਏ । ਜਦੋਂ ਲਾੜੀ ਨੂੰ ਇਸ ਬਾਰੇ ਪਤਾ ਚੱਲਿਆ ਤਾਂ ਉਸ ਨੇ ਇੱਕ ਮਿੰਟ ਨਹੀਂ ਲਾਇਆ ਅਤੇ ਪੂਰੀ ਬਾਰਾਤ ਦੇ ਸਾਹਮਣੇ ਵਿਆਹ ਤੋੜਨ ਦਾ ਐਲਾਨ ਕਰ ਦਿੱਤਾ ਅਤੇ ਬਾਰਾਤ ਨੂੰ ਵਾਪਸ ਭੇਜ ਦਿੱਤਾ । ਇਸ ਦੌਰਾਨ ਲਾੜੇ ਅਤੇ ਉਸ ਦੇ ਪਰਿਵਾਰ ਦੀ ਜੋ ਰਿਸ਼ਤੇਦਾਰ ਅਤੇ ਸਮਾਜ ਦੇ ਸਾਹਮਣੇ ਬੇਇੱਜਤੀ ਹੋਈ ਉਹ ਸਾਰੀ ਉਮਰ ਉਨ੍ਹਾਂ ਨੂੰ ਯਾਦ ਰਹੇਗੀ । ਸਿਰਫ ਇੰਨਾਂ ਹੀ ਨਹੀਂ ਕੁੜੀ ਨੇ ਲਾੜੇ ਵਾਲਿਆਂ ਦੀ ਸ਼ਿਕਾਇਤ ਪੁਲਿਸ ਨੂੰ ਕਰ ਦਿੱਤੀ ਹੈ।

ਪੁਲਿਸ ਨੇ ਜਾਂਚ ਸ਼ੁਰੂ ਕੀਤੀ ।

ਲਾੜੀ ਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ । ਥਾਣਾ ਇੰਚਾਰਜ ਬਾਬੂਰਾਮ ਨੇ ਕੁੜੀ ਦੇ ਘਰ ਵਾਲਿਆਂ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕਰ ਲਿਆ ਗਿਆ ਸੀ । ਕੁੜੀ ਨੇ ਜਿਸ ਤਰ੍ਹਾਂ ਦਾਜ ਦੇ ਲਾਲਚਿਆਂ ਨੂੰ ਸਬਕ ਸਿਖਾਇਆ ਹੈ ਉਹ ਬਹੁਤ ਦੀ ਹਿੰਮਤ ਵਾਲਾ ਕੰਮ ਹੈ। ਇੱਥੇ ਕੁੜੀ ਨੂੰ ਪਰਿਵਾਰ ਵੱਲੋਂ ਮਿਲੇ ਸਾਥ ਦੀ ਵੀ ਦਾਤ ਦੇਣੀ ਹੋਵੇਗੀ । ਨਹੀਂ ਤਾਂ ਕੁਝ ਪਰਿਵਾਰ ਆਪਣੀ ਕੁੜੀ ਦਾ ਘਰ ਵਸਾਉਣ ਦੇ ਲਈ ਲਾਲਚੀ ਸਹੁਰੇ ਪਰਿਵਾਰ ਵਾਲਿਆਂ ਦੀ ਹਰ ਇੱਕ ਮੰਗ ਨੂੰ ਮਨ ਲੈਂਦੇ ਹਨ । ਜਿਸ ਦਾ ਸਿੱਟਾ ਇਹ ਹੁੰਦਾ ਹੈ ਨਾ ਕੁੜੀ ਦਾ ਘਰ ਵਸਦਾ ਜਾਂਦਾ ਹੈ ਨਾ ਹੀ ਉਹ ਕਦੇ ਸੁੱਖੀ ਰਹਿ ਪਾਉਂਦੀ ਹੈ । ਕਈ ਕੁੜੀਆਂ ਤਾਂ ਸਹੁਰਿਆਂ ਦੇ ਤਸੀਹੇ ਦੇ ਸਾਹਮਣੇ ਆਪਣੀ ਜ਼ਿੰਦਗੀ ਨੂੰ ਖ਼ਤਮ ਕਰਨ ਵਰਗਾ ਕਦਮ ਚੁੱਕ ਲੈਂਦੀਆਂ ਹਨ ।