‘ਦ ਖ਼ਾਲਸ ਬਿਊਰੋ ( ਫਰੀਦਕੋਟ ) :- SIT ਵੱਲੋਂ ਬਹਿਬਲ ਗੋਲੀ ਕਾਂਡ ‘ਚ ਮੁਲਜ਼ਮ ਵਜੋਂ ਨਾਮਜ਼ਦ ਕੀਤੇ ਗਏ ਮੁਅੱਤਲੀ ਅਧੀਨ ਪੰਜਾਬ ਦੇ IG ਪਰਮਰਾਜ ਸਿੰਘ ਉਮਰਾਨੰਗਲ ਨੇ ਸੈਸ਼ਨ ਜੱਜ ਸੁਮੀਤ ਮਲਹੋਤਰਾ ਦੀ ਅਦਾਲਤ ਵਿੱਚ ਅਗਾਊਂ ਜ਼ਮਾਨਤ ਦੀ ਅਰਜ਼ੀ ਲਗਾ ਕੇ ਖਦਸ਼ਾ ਜ਼ਾਹਿਰ ਕੀਤਾ ਹੈ ਕਿ ਵਿਸ਼ੇਸ਼ ਜਾਂਚ ਟੀਮ (SIT) ਕਿਸੇ ਵੀ ਸਮੇਂ ਉਸ ਨੂੰ ਗ੍ਰਿਫ਼ਤਾਰ ਕਰ ਸਕਦੀ ਹੈ। ਅਰਜ਼ੀ ’ਤੇ ਸੁਣਵਾਈ ਪਹਿਲੀ ਅਕਤੂਬਰ ਨੂੰ ਹੋਵੇਗੀ ਤੇ ਅਦਾਲਤ ਨੇ ਇਸ ਸਬੰਧੀ ਪੰਜਾਬ ਸਰਕਾਰ ਨੂੰ ਲਿਖਤੀ ਨੋਟਿਸ ਜਾਰੀ ਕੀਤਾ ਹੈ।
ਇਸ ਦੇ ਨਾਲ ਹੀ ਆਰਗੇਨਾਈਜ਼ਡ ਕ੍ਰਾਈਮ ਯੂਨਿਟ ਵੱਲੋਂ ਵਿਦੇਸ਼ੀ ਹਥਿਆਰਾਂ ਦੀ ਤਸਕਰੀ ਸਬੰਧੀ ਗ੍ਰਿਫ਼ਤਾਰ ਕੀਤੇ ਗਏ ਕੁੱਝ ਵਿਅਕਤੀਆਂ ਤੋਂ ਹੋਈ ਪੁੱਛ-ਗਿੱਛ ਦੌਰਾਨ ਖੁਲਾਸਾ ਹੋਇਆ ਹੈ ਕਿ ਉਮਰਾਨੰਗਲ ਦਾ ਇਸ ਕਾਂਡ ਨਾਲ ਵੀ ਸਬੰਧ ਹੈ। ਸਾਲ 2014 ‘ਚ ਸਿਟੀ ਪੁਲੀਸ ਫਰੀਦਕੋਟ ਨੇ ਕੇਸ ਦਰਜ ਕਰਕੇ ਖੁਲਾਸਾ ਕੀਤਾ ਸੀ ਕਿ ਪੰਕਜ ਬਾਂਸਲ, ਸਤੀਸ਼ ਕੁਮਾਰ, ਰੋਹਿਤ ਛਾਬੜਾ, ਰਾਜ ਚੋਪੜਾ, ਅਮਿਤ ਗੋਇਲ, ਭੁਪਿੰਦਰ ਸਿੰਘ ਆਦਿ ਨੇ ਕਥਿਤ ਤੌਰ ’ਤੇ ਗ਼ੈਰਕਾਨੂੰਨੀ ਤਰੀਕੇ ਨਾਲ ਵਿਦੇਸ਼ੀ ਹਥਿਆਰ ਪ੍ਰਾਪਤ ਕੀਤੇ ਸਨ, ਅਤੇ ਫਰਜ਼ੀ ਦਸਤਾਵੇਜ਼ਾਂ ਦੇ ਆਧਾਰ ’ਤੇ ਇਨ੍ਹਾਂ ਹਥਿਆਰਾਂ ਨੂੰ ਆਪਣੇ ਨਾਮ ਕਰਵਾ ਲਿਆ ਸੀ। ਤਤਕਾਲੀ ਡੀਆਈਜੀ ਪਰਮਰਾਜ ਸਿੰਘ ਉਮਰਾਨੰਗਲ ਨੇ ਇਸ ਮਾਮਲੇ ਵਿੱਚ ਕੁਝ ਮੁਲਜ਼ਮਾਂ ਨੂੰ ਕਲੀਨ ਚਿੱਟ ਦੇ ਦਿੱਤੀ ਸੀ, ਪਰ ਹੁਣ 20 ਅਗਸਤ ਨੂੰ SIT ਦੇ SP ਜਸਕੀਰਤ ਸਿੰਘ ਨੇ ਖੁਲਾਸਾ ਕੀਤਾ ਹੈ ਕਿ ਪੁਲੀਸ ਨੇ ਮੁਲਜ਼ਮਾਂ ਨੂੰ ਗਲਤ ਤਰੀਕੇ ਨਾਲ ਕਲੀਨ ਚਿੱਟ ਦਿੱਤੀ ਸੀ।
ਇਸ ਮਗਰੋਂ ਪੁਲੀਸ ਨੇ ਪੰਕਜ ਬਾਂਸਲ ਅਤੇ ਸਤੀਸ਼ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਪੰਕਜ ਨੇ ਪੁੱਛ-ਗਿੱਛ ਦੌਰਾਨ ਮੰਨਿਆ ਹੈ ਕਿ ਉਸ ਨੂੰ ਹਥਿਆਰ ਪੁਲੀਸ ਅਧਿਕਾਰੀਆਂ ਵੱਲੋਂ ਮੁਹੱਈਆ ਕਰਵਾਏ ਗਏ ਸਨ। ਊਸ ਦੇ ਪੁਲੀਸ ਰਿਮਾਂਡ ਸਬੰਧੀ ਦਿੱਤੀਆਂ ਗਈਆਂ ਅਰਜ਼ੀਆਂ ਵਿੱਚ ਖੁਲਾਸਾ ਕੀਤਾ ਗਿਆ ਹੈ ਕਿ ਇੱਕ ਗ਼ੈਰਕਾਨੂੰਨੀ ਹਥਿਆਰ ਪਰਮਰਾਜ ਸਿੰਘ ਉਮਰਾਨੰਗਲ ਕੋਲ ਹੈ ਜੋ ਅਜੇ ਤੱਕ ਬਰਾਮਦ ਨਹੀਂ ਹੋ ਸਕਿਆ।
ਆਰਗੇਨਾਈਜ਼ਡ ਕ੍ਰਾਈਮ ਯੂਨਿਟ ਦੇ ਮੁਖੀ IG ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਇਸ ’ਤੇ ਆਪਣੀ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ। ਦੂਜੇ ਪਾਸੇ ਪਰਮਰਾਜ ਸਿੰਘ ਉਮਰਾਨੰਗਲ ਨੇ ਦਾਅਵਾ ਕੀਤਾ ਹੈ ਕਿ ਉਸ ਨੂੰ ਜਾਣ ਬੁੱਝ ਕੇ ਝੂਠੇ ਕੇਸਾਂ ਵਿੱਚ ਫਸਾਇਆ ਜਾ ਰਿਹਾ ਹੈ ਅਤੇ ਉਸ ਦਾ ਬਹਿਬਲ ਗੋਲੀ ਕਾਂਡ ਜਾਂ ਵਿਦੇਸ਼ੀ ਹਥਿਆਰਾਂ ਦੀ ਤਸਕਰੀ ਮਾਮਲੇ ਨਾਲ ਕੋਈ ਸਬੰਧ ਨਹੀਂ ਹੈ।