India International

‘ਕਿਸਾਨਾਂ ਦੇ ਹੱਕ ‘ਚ ਬੋਲਣ ਕਾਰਨ ਮੈਨੂੰ ਅੰਮ੍ਰਿਤਸਰ ਏਅਰਪੋਰਟ ‘ਤੇ ਰੋਕਿਆ ਗਿਆ’- UK ਐੱਮ ਪੀ ਢੇਸੀ

UK's MP Dhesi's statement came out, saying that I was stopped at Amritsar airport for speaking in favor of farmers

ਲੰਘੇ ਕੱਲ੍ਹ ਯੂਕੇ ਦੇ ਮੈਂਬਰ ਪਾਰਲੀਮੈਂਟ ਤਨਮਨਜੀਤ ਸਿੰਘ ਢੇਸੀ ਨੂੰ ਅੰਮ੍ਰਿਤਸਰ ਦੇ ਏਅਰਪੋਰਟ ਤੇ ਦੋ ਘੰਟੇ ਲਈ ਰੋਕਿਆ ਗਿਆ ਸੀ। ਜਿਸ ਤੋਂ ਬਾਅਦ ਉਨ੍ਹਾਂ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਮੈਨੂੰ ਅੰਮ੍ਰਿਤਸਰ ਏਅਰਪੋਰਟ ‘ਤੇ 2 ਘੰਟੇ ਤੋਂ ਵੱਧ ਸਮੇਂ OCI ਵੀਜ਼ਾ ਸਸਪੈਂਡ ਦੇ ਬਹਾਨੇ ਰੋਕਿਆ ਗਿਆ। ਇਨ੍ਹਾਂ ਨੇ ਖ਼ਦਸ਼ਾ ਜ਼ਾਹਰ ਕੀਤਾ ਕੇ ਉਨ੍ਹਾਂ ਨਾਲ ਇਹ ਵਿਵਹਾਰ ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ਦੇ ਹੱਕ ‘ਚ ਬੋਲਣ ਕਾਰਨ ਕੀਤਾ ਗਿਆ ਹੈ।

ਆਪਣੇ ਟਵੀਟਰ ਪੇਜ ‘ਤੇ ਇੱਕ ਪੋਸਟ ਸਾਂਝੀ ਕਰਦਿਆਂ ਉਨ੍ਹਾਂ ਨੇ ਕਿਹਾ ਕਿ “ਪਿਛਲੇ ਸਾਲ ਭਾਰਤ ਆਉਣ ‘ਤੇ ਮੈਨੂੰ ਕਿਸਾਨ ਅੰਦੋਲਨ ਦੌਰਾਨ ਮਨੁੱਖੀ ਅਧਿਕਾਰਾਂ ਲਈ ਜ਼ੋਰਦਾਰ ਢੰਗ ਨਾਲ ਬੋਲਣ ਦੀ ਮਾਨਤਾ ਵਜੋਂ ਬਹੁਤ ਸਾਰੀਆਂ ਭਾਰਤੀ ਕਿਸਾਨ ਯੂਨੀਅਨਾਂ ਅਤੇ ਸਿਵਲ ਸੁਸਾਇਟੀਆਂ ਤੋਂ ਬਹੁਤ ਪਿਆਰ ਅਤੇ ਸਤਿਕਾਰ ਮਿਲਿਆ ਸੀ। ਪਰ ਅੱਜ ਅੰਮ੍ਰਿਤਸਰ ਹਵਾਈ ਅੱਡੇ ‘ਤੇ 2 ਘੰਟਿਆਂ ਤੋਂ ਵੱਧ ਸਮੇਂ ਲਈ ਰੋਕ ਕੇ ਬੇਇੱਜ਼ਤ ਕੀਤਾ ਗਿਆ, ਕਿਉਂਕਿ ਕੁਝ ਨਫ਼ਰਤ ਕਰਨ ਵਾਲਿਆਂ ਨੇ ਮੇਰਾ ਵੈਧ OCI ਵੀਜ਼ਾ ਮੁਅੱਤਲ ਕਰਨ ਦੀ ਸ਼ਿਕਾਇਤ ਕੀਤੀ ਸੀ।

ਉਨ੍ਹਾਂ ਨੇ ਕਿਹਾ ਕਿ ਅਫਵਾਹਾਂ ਦੇ ਬਾਵਜੂਦ ਪਰਿਵਾਰ, ਦੋਸਤਾਂ ਅਤੇ ਸਮਰਥਕਾਂ ਦੀ ਦਖ਼ਲਅੰਦਾਜ਼ੀ ਕਾਰਨ ਉੱਥੇ ਦੇ ਅਧਿਕਾਰੀਆਂ ਨਾਲ ਇਹ ਮੁੱਦਾ ਪੂਰੀ ਤਰ੍ਹਾਂ ਹੱਲ ਹੋ ਗਿਆ। ਇੱਥੋਂ ਤੱਕ ਕਿ ਇੱਕ ਸੰਸਦ ਮੈਂਬਰ ਲਈ ਜੋ ਪੰਜਾਬ, ਭਾਰਤ ਅਤੇ ਵਿਆਪਕ ਉਪ-ਮਹਾਂਦੀਪ ਦੀ ਬਿਹਤਰੀ ਲਈ ਇੱਛਾਵਾਂ ਅਤੇ ਲਗਾਤਾਰ ਕੰਮ ਕਰ ਰਿਹਾ ਹੈ, ਮੇਰਾ ਅੰਦਾਜ਼ਾ ਹੈ ਕਿ ਇਹ ਕਿਸਾਨਾਂ, ਹਾਸ਼ੀਏ ‘ਤੇ ਪਏ ਲੋਕਾਂ ਅਤੇ ਸਿੱਖਾਂ ਵਰਗੇ ਘੱਟ ਗਿਣਤੀਆਂ ਨਾਲ ਇੱਕਜੁੱਟ ਹੋ ਕੇ ਖੜੇ ਹੋਣ ਦੀ ਇਹ ਕੀਮਤ ਚੁਕਾਉਣੀ ਪਈ ਹੈ।”

ਦੱਸ ਦੇਈਏ ਕਿ ਲੰਘੇ ਕੱਲ੍ਹ ਅੰਮ੍ਰਿਤਸਰ ਇੰਟਰਨੈਸ਼ਨਲ ਏਅਰਪੋਰਟ ‘ਤੇ ਯੂ.ਕੇ ਤੋਂ ਆਏ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੂੰ ਇਮੀਗ੍ਰੇਸ਼ਨ ਵਿਭਾਗ ਨੇ ਰੋਕ ਲਿਆ ਸੀ। ਉਹ ਬਰਮਿੰਘਮ ਤੋਂ ਏਅਰ ਇੰਡੀਆ ਦੀ ਫਲਾਈਟ ਨੰਬਰ AI-118 ਰਾਹੀਂ ਅੰਮ੍ਰਿਤਸਰ ਪੁੱਜੇ ਸਨ। ਜਦੋਂ ਉਨ੍ਹਾਂ ਨੇ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਚੈੱਕ-ਆਊਟ ਕੀਤਾ ਤਾਂ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਉਨ੍ਹਾਂ ਨੂੰ ਰੋਕ ਲਿਆ। ਇਸ ਤੋਂ ਬਾਅਦ ‘ਚ ਦਸਤਾਵੇਜ਼ ਮੰਗਵਾਏ ਜਾਣ ‘ਤੇ ਉਨ੍ਹਾਂ ਨੂੰ ਜਾਣ ਦੀ ਇਜਾਜ਼ਤ ਦਿੱਤੀ ਗਈ ਸੀ।

ਤਨਮਨਜੀਤ ਸਿੰਘ ਢੇਸੀ ਬ੍ਰਿਟਿਸ਼ ਲੇਬਰ ਪਾਰਟੀ ਨਾਲ ਸਬੰਧਤ ਹਨ। ਸਲੋਗ ਹਲਕੇ ਨੂੰ 8 ਜੂਨ 2017 ਤੋਂ ਯੂਕੇ ਵਿੱਚ ਸੰਸਦ ਮੈਂਬਰ ਵਜੋਂ ਚੁਣਿਆ ਜਾ ਰਿਹਾ ਹੈ। ਢੇਸੀ ਯੂਕੇ ਦੇ ਸੰਸਦ ਮੈਂਬਰ ਵਜੋਂ ਪਹਿਲੇ ਦਸਤਾਰਧਾਰੀ ਸਿੱਖ ਸਨ। ਉਦੋਂ ਤੋਂ ਲੈ ਕੇ ਹੁਣ ਤੱਕ ਉਹ ਯੂ.ਕੇ. ਵਿੱਚ ਸਿੱਖਾਂ ਦੇ ਮੁੱਦੇ ਉਠਾਉਂਦੇ ਆ ਰਹੇ ਹਨ।