International

ਯੂਕਰੇਨ ਦਾ ਰੂਸ ’ਤੇ ਸਭ ਤੋਂ ਵੱਡੇ ਡਰੋਨ ਹਮਲੇ, 45 ਡਰੋਨ ਦਾਗ਼ੇ

ਯੂਕਰੇਨ ਨੇ ਰੂਸ ’ਤੇ ਹੁਣ ਤੱਕ ਦੇ ਸਭ ਤੋਂ ਵੱਡਾ ਹਮਲਾ ਕੀਤਾ ਹੈ। ਇਸ ਹਮਲੇ ਵਿੱਚ ਯੂਕਰੇਨ ਨੇ ਰੂਸ ‘ਤੇ 45 ਡਰੋਨ ਦਾਗ਼ੇ। ਰੂਸੀ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਰਾਜਧਾਨੀ ਮਾਸਕੋ ਅਤੇ ਹੋਰ ਖ਼ਿੱਤਿਆਂ ਵੱਲ ਦਾਗ਼ੇ ਗਏ ਸਾਰੇ ਡਰੋਨਾਂ ਨੂੰ ਤਬਾਹ ਕਰ ਦਿੱਤਾ ਹੈ। ਰੱਖਿਆ ਮੰਤਰਾਲੇ ਨੇ ਬੁੱਧਵਾਰ ਤੜਕੇ 45 ਡਰੋਨ ਤਬਾਹ ਕਰਨ ਦਾ ਦਾਅਵਾ ਕੀਤਾ ਹੈ। ਇਨ੍ਹਾਂ ’ਚੋਂ 11 ਡਰੋਨ ਮਾਸਕੋ ਖ਼ਿੱਤੇ, 23 ਬ੍ਰਿਯਾਂਸਕ, 6 ਬੇਲਗ੍ਰਾਦ, ਤਿੰਨ ਕਾਲੂਗਾ ਅਤੇ ਦੋ ਕੁਰਸਕ ’ਚ ਤਬਾਹ ਕੀਤੇ ਗਏ।

ਇਨ੍ਹਾਂ ਹਮਲਿਆਂ ’ਚ ਕਿਸੇ ਜਾਨੀ ਨੁਕਸਾਨ ਬਾਰੇ ਕੋਈ ਜ਼ਿਕਰ ਨਹੀਂ ਕੀਤਾ ਗਿਆ ਹੈ। ਇਹ ਡਰੋਨ ਹਮਲੇ ਉਸ ਸਮੇਂ ਹੋਏ ਹਨ ਜਦੋਂ ਯੂਕਰੇਨੀ ਫੌਜ ਨੇ ਕੁਰਸਕ ਖ਼ਿੱਤੇ ’ਚ ਰੂਸ ਨੂੰ ਪਿੱਛੇ ਧੱਕ ਦਿੱਤਾ ਹੈ। ਮਾਸਕੋ ਦੇ ਮੇਅਰ ਸਰਗੇਈ ਸੋਬਿਯਾਨਿਨ ਨੇ ਆਪਣੇ ਟੈਲੀਗ੍ਰਾਮ ਚੈਨਲ ’ਤੇ ਕਿਹਾ ਕਿ ਡਰੋਨਾਂ ਦੀ ਵਰਤੋਂ ਕਰਦਿਆਂ ਯੂਕਰੇਨ ਵੱਲੋਂ ਇਹ ਹੁਣ ਤੱਕ ਦੇ ਸਭ ਤੋਂ ਵੱਡੇ ਹਮਲੇ ਦੀ ਕੋਸ਼ਿਸ਼ ਸੀ।

ਉਨ੍ਹਾਂ ਕਿਹਾ ਕਿ ਰਾਜਧਾਨੀ ਦੇ ਆਲੇ-ਦੁਆਲੇ ਸੁਰੱਖਿਆ ਪ੍ਰਬੰਧ ਮਜ਼ਬੂਤ ਹੋਣ ਕਾਰਨ ਸਾਰੇ ਡਰੋਨਾਂ ਨੂੰ ਡੇਗਣਾ ਸੰਭਵ ਹੋ ਸਕਿਆ। ਕੁਝ ਰੂਸੀ ਸੋਸ਼ਲ ਮੀਡੀਆ ਚੈਨਲਾਂ ਨੇ ਹਵਾਈ ਰੱਖਿਆ ਪ੍ਰਣਾਲੀਆਂ ਵੱਲੋਂ ਡਰੋਨ ਤਬਾਹ ਕੀਤੇ ਜਾਣ ਦੇ ਵੀਡੀਓ ਸਾਂਝੇ ਕੀਤੇ ਗਏ ਹਨ।

ਬ੍ਰਿਯਾਂਸਕ ਖ਼ਿੱਤੇ ਦੇ ਗਵਰਨਰ ਅਲੈਗਜ਼ੈਂਡਰ ਬੋਗੋਮਾਜ਼ ਨੇ ਕਿਹਾ ਕਿ 23 ਡਰੋਨਾਂ ਨਾਲ ਵੱਡਾ ਹਮਲਾ ਕੀਤਾ ਗਿਆ ਸੀ ਪਰ ਉਨ੍ਹਾਂ ਨੂੰ ਨਸ਼ਟ ਕਰ ਦਿੱਤਾ ਗਿਆ। ਉਧਰ ਕੁਰਸਕ ’ਚ ਸੇਯਮ ਦਰਿਆ ’ਤੇ ਬਣੇ ਤਿੰਨ ਪੁਲਾਂ ’ਤੇ ਯੂਕਰੇਨ ਵੱਲੋਂ ਕੀਤੇ ਗਏ ਹਮਲੇ ਨਾਲ ਰੂਸੀ ਫੌਜੀ ਘਿਰ ਗਏ ਹਨ ਕਿਉਂਕਿ ਇਕ ਪਾਸੇ ਦਰਿਆ ਹੈ ਅਤੇ ਦੂਜੇ ਪਾਸੇ ਯੂਕਰੇਨੀ ਫੌਜ ਅੱਗੇ ਵਧਦੀ ਆ ਰਹੀ ਹੈ। ਇਸ ਹਮਲੇ ਕਾਰਨ ਰੂਸੀ ਫੌਜੀਆਂ ਦਾ ਅੱਗੇ ਵਧਣਾ ਰੁਕ ਗਿਆ ਹੈ।