‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਯੂਕਰੇਨ ਸੰਕਟ ਦੇ ਮੱਦੇਨਜ਼ਰ ਅਮਰੀਕੀ ਫ਼ੌਜ ਹਾਈ ਅਲਰਟ ‘ਤੇ ਤਾਇਨਾਤ ਕੀਤੀ ਗਈ ਹੈ। ਪੈਂਟਾਗਨ ਦਾ ਕਹਿਣਾ ਹੈ ਕਿ ਯੂਕਰੇਨ ਦੀ ਸੀਮਾ ‘ਤੇ ਵੱਧਦੇ ਤਣਾਅ ਨੂੰ ਦੇਖਦਿਆਂ ਯੁੱਧ ਦੇ ਲਈ ਪੂਰੀ ਤਰ੍ਹਾਂ ਨਾਲ ਤਿਆਰ ਕਰੀਬ ਅੱਠ ਹਜ਼ਾਰ ਪੰਜ ਸੌ ਫ਼ੌਜੀਆਂ ਨੂੰ ਹਾਈ ਅਲਰਟ ‘ਤੇ ਰੱਖਿਆ ਗਿਆ ਹੈ। ਇਹ ਫ਼ੌਜ ਘੱਟ ਸਮੇਂ ਦੇ ਨੋਟਿਸ ‘ਤੇ ਤਾਇਨਾਤ ਕਰਨ ਲਈ ਤਿਆਰ ਹੈ। ਹਾਲਾਂਕਿ ਇੱਕ ਤਰਫ਼ ਜਿੱਥੇ ਅਮਰੀਕਾ ਯੁੱਧ ਦੇ ਲਿਹਾਜ਼ ਨਾਲ ਹਰ ਤਰ੍ਹਾਂ ਦੀ ਤਿਆਰੀ ਕਰ ਰਿਹਾ ਹੈ, ਉੱਥੇ ਹੀ ਰੂਸ ਕਾਫ਼ੀ ਲੰਬੇ ਸਮੇਂ ਤੋਂ ਇਹ ਦਾਅਵਾ ਕਰਦਾ ਆ ਰਿਹਾ ਹੈ ਕਿ ਉਸਦਾ ਯੂਕਰੇਨ ਉੱਤੇ ਹਮ ਲਾ ਕਰਨ ਦੀ ਕੋਈ ਯੋਜਨਾ ਨਹੀਂ ਹੈ। ਰੂਸ ਦੇ ਇਸ ਦਾਅਵੇ ਦੇ ਬਾਵਜੂਦ ਯੂਕਰੇਨ ਦੀ ਸੀਮਾ ‘ਤੇ ਕਰੀਬ ਇੱਕ ਲੱਖ ਰੂਸੀ ਫ਼ੌਜੀ ਤਾਇਨਾਤ ਹਨ।
ਪੱਛਮੀ ਦੇਸ਼ਾਂ ਨੇ ਯੂਕਰੇਨ ਮਾਮਲੇ ‘ਤੇ ਰੂਸ ਦੇ ਖਿਲਾਫ਼ ਇੱਕ ਹੀ ਰਣਨੀਤੀ ਦੀ ਪਾਲਣਾ ਕਰਨ ਦਾ ਫੈਸਲਾ ਕੀਤਾ ਹੈ। ਹਾਲਾਂਕਿ, ਪੇਂਟਾਗਨ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਹਾਈ ਅਲਰਟ ‘ਤੇ ਰੱਖੇ ਗਏ ਇਨ੍ਹਾਂ ਫ਼ੌਜੀਆਂ ਦੀ ਤਾਇਨਾਤੀ ਨੂੰ ਲੈ ਕੇ ਹਾਲੇ ਕੋਈ ਫੈਸਲਾ ਨਹੀਂ ਕੀਤਾ ਗਿਆ ਹੈ।