ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਯੂਕਰੇਨੀ ਰਾਸ਼ਟਰਪਤੀ ਵਲੋਦੀਮੀਰ ਜ਼ੇਲੈਂਸਕੀ ਨੂੰ ਕਿਹਾ ਕਿ ਯੂਕਰੇਨ ਤੇ ਰੂਸ ਨੂੰ ਬਿਨਾਂ ਕਿਸੇ ਦੇਰੀ ਮਿਲ ਬੈਠ ਕੇ ਮੌਜੂਦਾ ਜੰਗ ਨੂੰ ਖ਼ਤਮ ਕਰਨ ਲਈ ਰਾਹ ਤਲਾਸ਼ਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਰੂਸ-ਯੂਕਰੇਨ ਟਕਰਾਅ ਦੀ ਸ਼ੁਰੂਆਤ ਤੋਂ ਹੀ ਭਾਰਤ ਅਮਨ ਤੇ ਸ਼ਾਂਤੀ ਦਾ ਹਾਮੀ ਰਿਹਾ ਹੈ।
ਜੰਗ ਦੇ ਪਰਛਾਵੇਂ ਹੇਠ ਕੀਵ ਵਿਚ ਯੂਕਰੇਨੀ ਸਦਰ ਨਾਲ ਹੋਈ ਆਪਣੀ ਗੱਲਬਾਤ ਦੌਰਾਨ ਮੋਦੀ ਨੇ ਕਿਹਾ ਕਿ ਯੂਕਰੇਨ ਵਿਚ ਅਮਨ ਦੀ ਬਹਾਲੀ ਲਈ ਕੀਤੀ ਜਾਣ ਵਾਲੀ ਹਰ ਕੋਸ਼ਿਸ਼ ’ਚ ਭਾਰਤ ‘ਸਰਗਰਮ ਭੂਮਿਕਾ’ ਨਿਭਾਉਣ ਲਈ ਹਮੇਸ਼ਾ ਤਿਆਰ ਹੈ। ਦੋਵਾਂ ਆਗੂਆਂ ਦਰਮਿਆਨ ਹੋਈ ਬੈਠਕ ਭਾਵੇਂ ਮੁੱਖ ਤੌਰ ’ਤੇ ਜੰਗ ਖ਼ਤਮ ਕਰਨ ਦੇ ਢੰਗ-ਤਰੀਕਿਆਂ ’ਤੇ ਕੇਂਦਰਤ ਸੀ, ਪਰ ਇਸ ਦੌਰਾਨ ਵਣਜ, ਰੱਖਿਆ, ਸਿਹਤ ਸੰਭਾਲ, ਫਾਰਮਾਸਿਊਟੀਕਲਜ਼, ਖੇਤੀ ਤੇ ਸਿੱਖਿਆ ਜਿਹੇ ਖੇਤਰਾਂ ਵਿਚ ਦੁਵੱਲੇ ਸਹਿਯੋਗ ਨੂੰ ਹੁਲਾਰਾ ਦੇਣ ਬਾਰੇ ਵੀ ਚਰਚਾ ਹੋਈ।
ਪ੍ਰਧਾਨ ਮੰਤਰੀ ਨੇ ਜ਼ੇਲੈਂਸਕੀ ਨੂੰ ਭਰੋਸਾ ਦਿਵਾਉਂਦਿਆਂ ਕਿਹਾ, ‘‘ਭਾਰਤ ਸ਼ਾਂਤੀ ਲਈ ਹਰ ਕੋਸ਼ਿਸ਼ ’ਚ ਸਰਗਰਮ ਭੂਮਿਕਾ ਨਿਭਾਉਣ ਲਈ ਤਿਆਰ ਹੈ। ਜੇ ਮੈਂ ਨਿੱਜੀ ਤੌਰ ’ਤੇ ਇਸ ’ਚ ਯੋਗਦਾਨ ਪਾ ਸਕਦਾ ਹਾਂ, ਤਾਂ ਮੈਂ ਨਿਸ਼ਚਤ ਤੌਰ ’ਤੇ ਅਜਿਹਾ ਕਰਨਾ ਚਾਹਾਂਗਾ। ਇਕ ਦੋਸਤ ਹੋਣ ਦੇ ਨਾਤੇ, ਮੈਂ ਤੁਹਾਨੂੰ ਇਸ ਦਾ ਭਰੋਸਾ ਦਿੰਦਾ ਹਾਂ।’’
ਉਨ੍ਹਾਂ ਕਿਹਾ ਕਿ ਯੂਕਰੇਨ ਦੇ ਲੋਕ ਇਸ ਗੱਲ ਤੋਂ ਵੀ ਜਾਣੂ ਹਨ ਕਿ ਭਾਰਤ ਸ਼ਾਂਤੀ ਦੇ ਯਤਨਾਂ ’ਚ ਸਰਗਰਮ ਯੋਗਦਾਨ ਪਾ ਰਿਹਾ ਹੈ ਅਤੇ ਉਸ ਦੀ ਹਮੇਸ਼ਾ ਲੋਕ-ਕੇਂਦਰਿਤ ਪਹੁੰਚ ਰਹੀ ਹੈ। ਉਨ੍ਹਾਂ ਕਿਹਾ, ‘‘ਮੈਂ ਤੁਹਾਨੂੰ ਅਤੇ ਪੂਰੇ ਵਿਸ਼ਵ ਭਾਈਚਾਰੇ ਨੂੰ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ ਇਹ ਭਾਰਤ ਦੀ ਵਚਨਬੱਧਤਾ ਹੈ ਅਤੇ ਸਾਡਾ ਮੰਨਣਾ ਹੈ ਕਿ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦਾ ਸਨਮਾਨ ਸਾਡੇ ਲਈ ਸਰਵਉੱਚ ਹੈ ਅਤੇ ਅਸੀਂ ਇਸ ਦਾ ਸਮਰਥਨ ਕਰਦੇ ਹਾਂ।’’
ਪ੍ਰਧਾਨ ਮੰਤਰੀ ਨੇ ਜ਼ੇਲੈਂਸਕੀ ਦੀ ਮੌਜੂਦਗੀ ’ਚ ਅਪਣੀ ਰੂਸੀ ਦੀ ਯਾਤਰਾ ਅਤੇ ਉਸ ਸਮੇਂ ਦੌਰਾਨ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਅਪਣੀ ਗੱਲਬਾਤ ਦਾ ਵੀ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਰੂਸ ਦੇ ਰਾਸ਼ਟਰਪਤੀ ਨੂੰ ਸਪੱਸ਼ਟ ਸ਼ਬਦਾਂ ’ਚ ਕਿਹਾ ਸੀ ਕਿ ਇਹ ਜੰਗ ਦਾ ਸਮਾਂ ਨਹੀਂ ਹੈ। ਉਨ੍ਹਾਂ ਕਿਹਾ, ‘‘ਮੈਂ ਸਪੱਸ਼ਟ ਸ਼ਬਦਾਂ ’ਚ ਕਿਹਾ ਸੀ ਕਿ ਜੰਗ ਦੇ ਮੈਦਾਨ ’ਚ ਕਦੇ ਵੀ ਕੋਈ ਸਮੱਸਿਆ ਹੱਲ ਨਹੀਂ ਹੁੰਦੀ। ਹੱਲ ਸਿਰਫ ਗੱਲਬਾਤ, ਸੰਵਾਦ ਅਤੇ ਕੂਟਨੀਤੀ ਰਾਹੀਂ ਹੁੰਦੇ ਹਨ ਅਤੇ ਸਾਨੂੰ ਸਮਾਂ ਬਰਬਾਦ ਕੀਤੇ ਬਿਨਾਂ ਉਸ ਦਿਸ਼ਾ ’ਚ ਅੱਗੇ ਵਧਣਾ ਚਾਹੀਦਾ ਹੈ।’’
ਪ੍ਰਧਾਨ ਮੰਤਰੀ ਮੋਦੀ ਨੇ ਇਸ ਦਿਨ ਨੂੰ ਇਤਿਹਾਸਕ ਦਸਿਆ ਅਤੇ ਕਿਹਾ ਕਿ ਭਾਰਤ ਦਾ ਪ੍ਰਧਾਨ ਮੰਤਰੀ ਅੱਜ ਪਹਿਲੀ ਵਾਰ ਯੂਕਰੇਨ ਦੀ ਧਰਤੀ ’ਤੇ ਆਏ ਹਨ। ਮੋਦੀ ਨੇ ਜੰਗ ਦੇ ਸ਼ੁਰੂ ਵਿਚ ਭਾਰਤੀ ਵਿਦਿਆਰਥੀਆਂ ਦੀ ਸੁਰੱਖਿਅਤ ਵਾਪਸੀ ਨੂੰ ਸੁਵਿਧਾਜਨਕ ਬਣਾਉਣ ਵਿਚ ਮਦਦ ਲਈ ਜ਼ੇਲੈਂਸਕੀ ਦਾ ਧੰਨਵਾਦ ਕੀਤਾ।