India International

ਯੂਕੇ ਜਾਣ ਦੇ ਚਾਹਵਾਨਾਂ ਲਈ ਜ਼ਰੂਰੀ ਖ਼ਬਰ, ਹੁਨਰਮੰਦ ਵੀਜ਼ੇ ਲਈ ਹੋਰ ਸਖ਼ਤ ਅੰਗਰੇਜ਼ੀ ਭਾਸ਼ਾ ਪ੍ਰੀਖਿਆਵਾਂ ਲਾਗੂ

ਬਿਊਰੋ ਰਿਪੋਰਟ (15 ਅਕਤੂਬਰ, 2025): ਯੂਕੇ ਸਰਕਾਰ ਨੇ ਦੇਸ਼ ਵਿੱਚ ਵਧ ਰਹੀ ਇਮੀਗ੍ਰੇਸ਼ਨ ਦਰ ਕਾਬੂ ਕਰਨ ਲਈ ਹੁਨਰਮੰਦ ਵੀਜ਼ਾ ਅਰਜ਼ੀਕਰਤਿਆਂ ਉੱਤੇ ਨਵੀਆਂ ਤੇ ਸਖ਼ਤ ਅੰਗਰੇਜ਼ੀ ਭਾਸ਼ਾ ਟੈਸਟ ਸ਼ਰਤਾਂ ਲਾਗੂ ਕੀਤੀਆਂ ਹਨ, ਜਿਨ੍ਹਾਂ ਵਿੱਚ ਭਾਰਤ ਤੋਂ ਜਾਣ ਵਾਲੇ ਅਰਜ਼ੀਕਰਤਾ ਵੀ ਸ਼ਾਮਲ ਹਨ।

ਨਵਾਂ ‘ਸਿਕਿਓਰ ਅੰਗਰੇਜ਼ੀ ਲੈਂਗਵੇਜ ਟੈਸਟ’ (SELT) ਹੋਮ ਆਫ਼ਿਸ ਦੁਆਰਾ ਮਨਜ਼ੂਰਸ਼ੁਦਾ ਪ੍ਰਦਾਤਾ ਦੁਆਰਾ ਕਰਵਾਇਆ ਜਾਵੇਗਾ। ਇਹ ਨਿਯਮ 8 ਜਨਵਰੀ 2026 ਤੋਂ ਲਾਗੂ ਹੋਣਗੇ। ਸਾਰੇ ਹੁਨਰਮੰਦ ਕਾਮਿਆਂ ਨੂੰ ਬੋਲਣਾ, ਸੁਣਨਾ, ਪੜ੍ਹਨਾ ਅਤੇ ਲਿਖਣਾ- ਚਾਰਾਂ ਖੇਤਰਾਂ ਵਿੱਚ A-Level (ਜਾਂ ਕਲਾਸ 12) ਦੇ ਬਰਾਬਰ B2 ਲੈਵਲ ਦੀ ਅੰਗਰੇਜ਼ੀ ਆਉਣੀ ਲਾਜ਼ਮੀ ਹੋਵੇਗੀ।

ਯੂਕੇ ਦੀ ਗ੍ਰਹਿ ਮੰਤਰੀ ਸ਼ਬਾਨਾ ਮਹਮੂਦ ਨੇ ਕਿਹਾ, “ਇਹ ਦੇਸ਼ ਹਮੇਸ਼ਾ ਉਹਨਾਂ ਦਾ ਸਵਾਗਤ ਕਰਦਾ ਹੈ ਜੋ ਇੱਥੇ ਆ ਕੇ ਯੋਗਦਾਨ ਪਾਉਂਦੇ ਹਨ, ਪਰ ਬਿਨਾਂ ਭਾਸ਼ਾ ਸਿੱਖੇ ਇੱਥੇ ਆਉਣਾ ਅਤੇ ਸਮਾਜ ਵਿੱਚ ਯੋਗਦਾਨ ਨਾ ਦੇਣਾ ਕਬੂਲਯੋਗ ਨਹੀਂ।”

ਇਹ ਕਦਮ ਮਈ ਵਿੱਚ ਜਾਰੀ ਕੀਤੇ ਗਏ ‘ਇਮੀਗ੍ਰੇਸ਼ਨ ਵਾਈਟ ਪੇਪਰ’ ਦਾ ਹਿੱਸਾ ਹੈ, ਜਿਸ ਦਾ ਉਦੇਸ਼ ਵੀਜ਼ਾ ਪ੍ਰਣਾਲੀ ਨੂੰ ਹੋਰ ਕੜਾ ਕਰਨਾ ਹੈ।

ਹੋਰ ਬਦਲਾਵਾਂ ਵਿੱਚ-

ਗ੍ਰੈਜੂਏਟ ਰੂਟ ਵੀਜ਼ਾ (ਜਿਸ ਰਾਹੀਂ ਭਾਰਤੀ ਵਿਦਿਆਰਥੀ ਯੂਕੇ ਵਿੱਚ ਨੌਕਰੀਆਂ ਲੱਭਦੇ ਹਨ) ਦਾ ਸਮਾਂ 2 ਸਾਲਾਂ ਤੋਂ ਘਟਾ ਕੇ 18 ਮਹੀਨੇ ਕਰ ਦਿੱਤਾ ਗਿਆ ਹੈ (1 ਜਨਵਰੀ 2027 ਤੋਂ ਲਾਗੂ)।
PhD ਪਾਸ ਵਿਦਿਆਰਥੀ ਲਈ 3 ਸਾਲਾਂ ਦਾ ਸਮਾਂ ਜਾਰੀ ਰਹੇਗਾ।
ਵਿਦਿਆਰਥੀ ਵੀਜ਼ਾ ਲਈ ਫਾਇਨੈਂਸ ਲੋੜਾਂ ਵਧਾਈਆਂ ਗਈਆਂ ਹਨ। ਹੁਣ ਲੰਡਨ ਲਈ ਹਰ ਮਹੀਨੇ £1,529 ਅਤੇ ਯੂਕੇ ਦੇ ਬਾਕੀ ਹਿੱਸਿਆਂ ਲਈ £1,171 ਦਿਖਾਉਣੇ ਪੈਣਗੇ।
ਇਮੀਗ੍ਰੇਸ਼ਨ ਸਕਿਲਜ਼ ਚਾਰਜ (ISC) ਵਿੱਚ 32% ਦੀ ਵਾਧਾ ਕੀਤਾ ਗਿਆ ਹੈ, ਤਾਂ ਜੋ ਬ੍ਰਿਟਿਸ਼ ਵਰਕਰਾਂ ਦੀ ਟ੍ਰੇਨਿੰਗ ਵਿੱਚ ਨਿਵੇਸ਼ ਵਧਾਇਆ ਜਾ ਸਕੇ।

ਇਸ ਤੋਂ ਇਲਾਵਾ, ਹੁਣ ਹਰ ਸਾਲ 8,000 ਉੱਚ ਯੋਗਤਾ ਵਾਲੇ ਵਿਅਕਤੀਆਂ ਲਈ High Potential Individual (HPI) ਰੂਟ ਖੋਲ੍ਹਿਆ ਜਾਵੇਗਾ, ਜਿਸ ਨਾਲ ਵਿਸ਼ਵ ਦੀਆਂ ਚੋਟੀ ਦੀਆਂ ਯੂਨੀਵਰਸਿਟੀਆਂ ਦੇ ਗ੍ਰੈਜੂਏਟ ਯੂਕੇ ਵਿੱਚ ਆਪਣਾ ਕਰੀਅਰ ਬਣਾਉਣ ਦਾ ਮੌਕਾ ਲੈ ਸਕਣਗੇ।

ਯੂਕੇ ਹੋਮ ਆਫ਼ਿਸ ਨੇ ਕਿਹਾ ਕਿ ਇਸ ਕਦਮ ਦਾ ਉਦੇਸ਼ ਦੁਨੀਆ ਭਰ ਤੋਂ ਉੱਚ-ਕੁਸ਼ਲ ਪ੍ਰੋਫੈਸ਼ਨਲਾਂ, ਖੋਜਕਰਤਿਆਂ, ਡਿਜ਼ਾਈਨਰਾਂ ਅਤੇ ਕ੍ਰੀਏਟਿਵ ਕਲਾਕਾਰਾਂ ਨੂੰ ਆਕਰਸ਼ਿਤ ਕਰਨਾ ਹੈ, ਖ਼ਾਸ ਕਰਕੇ ਫ਼ਿਲਮ ਅਤੇ ਟੀਵੀ ਖੇਤਰ ਵਿੱਚ।

ਇਸ ਨਾਲ ਨਾਲ, ਬੋਟਸਵਾਨਾ ਦੇ ਨਾਗਰਿਕਾਂ ਨੂੰ ਹੁਣ ਯੂਕੇ ਯਾਤਰਾ ਤੋਂ ਪਹਿਲਾਂ ਵੀਜ਼ਾ ਲੈਣਾ ਲਾਜ਼ਮੀ ਹੋਵੇਗਾ, ਕਿਉਂਕਿ ਕਈ ਲੋਕ ਸੈਰ-ਸਪਾਟੇ ਦੇ ਨਾਂ ’ਤੇ ਆ ਕੇ ਸ਼ਰਨ ਲੈ ਰਹੇ ਸਨ।