International Punjab

UK ‘ਚ 16 ਲੋਕਾਂ ਨੂੰ 70 ਸਾਲ ਦੀ ਸਜ਼ਾ ! ਦੋਸ਼ੀਆਂ ‘ਚ 90% ਪੰਜਾਬੀ ! ਅਰਬਾਂ ਰੁਪਏ ਦੇ ਤਿੰਨ ਗੰਭੀਰ ਮਾਮਲਿਆਂ ‘ਚ ਸ਼ਾਮਲ !

ਬਿਊਰੋ ਰਿਪੋਰਟ :  ਯੂ.ਕੇ.(UK) ਤੋਂ ਪੰਜਾਬੀਆਂ ਨੂੰ ਲੈ ਕੇ ਬਹੁਤ ਹੀ ਮਾੜੀ ਅਤੇ ਸ਼ਰਮਨਾਕ ਖ਼ਬਰ ਸਾਹਮਣੇ ਆਈ ਹੈ। 16 ਲੋਕਾਂ ਨੂੰ ਕੌਮਾਂਤਰੀ ਮਨੀ ਲਾਂਡਰਿੰਗ,ਡਰੱਗ ਅਤੇ ਦੇਸ਼ ਵਿੱਚ ਮਨੁੱਖੀ ਤਸਕਰੀ ਦੇ ਮਾਮਲੇ ਵਿੱਚ ਕੁੱਲ 70 ਸਾਲ ਤੋਂ ਵੱਧ ਦੀ ਸਜ਼ਾ ਸੁਣਾਈ ਗਈ ਹੈ । ਜਿਨ੍ਹਾਂ ਮੁਲਜ਼ਮਾਂ ਨੂੰ ਦੋਸ਼ੀ ਠਹਿਰਾਇਆ ਗਿਆ ਹੈ, ਉਨ੍ਹਾਂ ਵਿੱਚੋਂ ਜ਼ਿਆਦਾਤਰ ਪੰਜਾਬੀ ਹਨ ।

ਮਈ ਵਿੱਚ ਅਦਾਲਤ ਨੇ ਸਾਰੀਆਂ ਨੂੰ ਦੋਸ਼ੀ ਕਰਾਰ ਦਿੱਤਾ ਸੀ । ਬ੍ਰਿਟੇਨ ਦੀ ਨੈਸ਼ਨਲ ਕ੍ਰਾਈਮ ਏਜੰਸੀ ਯਾਨੀ NCA ਨੇ ਇਸ ਦੀ ਜਾਂਚ ਕੀਤੀ ਸੀ । ਇਸ ਪੂਰੇ ਮਾਮਲੇ ਵਿੱਚ ਭਾਰਤੀ ਮੂਲ ਦਾ ਸਰਗਨਾ ਚਰਨ ਸਿੰਘ ਮੁੱਖ ਮੁਲਜ਼ਮ ਸੀ । ਜਿਸ ਨੂੰ ਅਦਾਲਤ ਨੇ 12 ਸਾਲ ਦੀ ਸਜ਼ਾ ਸੁਣਾਈ ਹੈ। ਇਸ ਤੋਂ ਇਲਾਵਾ ਉਸ ਦਾ ਸੱਜਾ ਹੱਥ ਵਲਜੀਤ ਸਿੰਘ ਨੂੰ 11 ਸਾਲ, ਸਵੰਦਰ ਸਿੰਘ ਢੱਲ ਨੂੰ ਮਨੀ ਲਾਂਡਰਿੰਗ ਲਈ 10 ਸਾਲ ਅਤੇ ਮਨੁੱਖੀ ਤਸਕਰੀ ਦੀ ਧਾਰਾ ਅਧੀਨ 5 ਸਾਲ ਹੋਰ ਵਾਧੂ ਸਜ਼ਾ ਸੁਣਾਈ ਗਈ ਹੈ। ਜਿਨ੍ਹਾਂ ਲੋਕਾਂ ਨੂੰ ਅਦਾਲਤ ਨੇ ਸਜ਼ਾ ਸੁਣਾਈ ਹੈ ਉਸ ਵਿੱਚ ਪੰਜਾਬ ਔਰਤ ਵੀ ਸ਼ਾਮਲ ਹੈ ।

ਚਰਨ ਸਿੰਘ ਗਰੁੱਪ ਦੇ ਹੋਰ ਮੈਂਬਰ ਜਿਨ੍ਹਾਂ ਨੂੰ ਸਜ਼ਾ ਸੁਣਾਈ ਹੈ ਉਨ੍ਹਾਂ ਵਿੱਚ ਅਮਰਜੀਤ,ਜੁਗਿੰਦਰ ਕਪੂਰ,ਜੈਕਦਰ ਕਪੂਰ,ਐੱਮ ਐੱਸ ਕਪੂਰ, ਪਿੰਕੀ ਕਪੂਰ ਅਤੇ ਜਸਬੀਰ ਸਿੰਘ ਨੂੰ 9 ਸਾਲ ਅਤੇ 11 ਮਹੀਨੇ ਦੀ ਸਜ਼ਾ ਸੁਣਾਈ ਗਈ ਹੈ। ਇਸੇ ਤਰ੍ਹਾਂ ਸਾਰੇ ਗੈਂਗ ਨੂੰ ਕੁੱਲ 70 ਸਾਲ ਤੋਂ ਵੱਧ ਦੀ ਸਜ਼ਾ ਸੁਣਾਈ ਗਈ ਹੈ ।

ਇਸ ਤਰ੍ਹਾਂ ਸਮਗਲਿੰਗ ਨੂੰ ਅੰਜਾਮ ਦਿੰਦੇ ਸਨ

ਨੈਸ਼ਨਲ ਕ੍ਰਾਈਮ ਏਜੰਸੀਆਂ NCA ਨੇ ਦਾਅਵਾ ਕੀਤਾ ਸੀ ਕਿ ਗਿਰੋਹ ਦੇ ਮੈਂਬਰਾਂ ਨੇ 2017 ਤੋਂ 2019 ਦੇ ਵਿਚਾਲੇ ਦੁਬਈ ਅਤੇ UAE ਦੇ ਸੈਂਕੜੇ ਦੌਰੇ ਕੀਤੇ ਸਨ। ਇਸ ਦੌਰਾਨ 43 ਮਿਲੀਅਨ GBP ਦੀ ਨਕਦੀ ਦੀ ਤਸਕਰੀ ਕੀਤੀ ।
NCA ਦੀ ਜਾਂਚ ਵਿੱਚ ਸਾਬਤ ਹੋਇਆ ਕਿ ਇਹ ਪੈਸਾ ਡਰੱਗਜ਼ ਵੇਚਣ ਅਤੇ ਸੰਗਠਿਤ ਇਮੀਗ੍ਰੇਸ਼ਨ ਅਪਰਾਧ ਦੇ ਜ਼ਰੀਏ ਇਕੱਠਾ ਕੀਤਾ ਗਿਆ ਹੈ। ਇਸ ਪੂਰੇ ਨੈੱਕਸਸ ਦੀ ਏਜੰਸੀ ਵੱਲੋਂ ਲੰਮੀ ਜਾਂਚ ਕੀਤੀ ਗਈ ਸੀ । NCA ਦੇ ਸੀਨੀਅਰ ਜਾਂਚ ਅਧਿਕਾਰੀਆਂ ਕ੍ਰਿਸ ਹਿੱਲ ਮੁਤਾਬਕ 2 ਸਾਲ ਦੀ ਮਿਹਨਤ ਤੋਂ ਬਾਅਦ ਉਨ੍ਹਾਂ ਨੇ ਇਸ ਕੇਸ ਵਿੱਚ ਕਾਮਯਾਬੀ ਹਾਸਲ ਕੀਤੀ ਹੈ ।

ਜਾਂਚ ਏਜੰਸੀ ਨੇ ਦੱਸਿਆ ਸੀ ਕਿ ਇਹ ਗੈਂਗ ਬਹੁਤ ਜ਼ਿਆਦਾ ਟਰੈਵਲ ਕਰਦਾ ਸੀ। ਨਵੰਬਰ 2019 ਵਿੱਚ ਗੈਂਗ ‘ਤੇ ਨਜ਼ਰ ਰੱਖੀ ਗਈ,ਉਨ੍ਹਾਂ ਦੇ ਫਲਾਈਟ,ਫ਼ੋਨ ਅਤੇ ਡੇਟਾ ਟਰੈਪ ਕੀਤੇ ਗਏ ਜਿਸ ਤੋਂ ਬਾਅਦ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਹੋਈ ।

ਅਦਾਲਤ ਨੇ ਠਹਿਰਾਇਆ ਦੋਸ਼ੀ

ਮਈ ਵਿੱਚ ਅਦਾਲਤ ਵਿੱਚ ਜਦੋਂ ਮੁਲਜ਼ਮਾਂ ਨੂੰ ਪੇਸ਼ ਕੀਤਾ ਗਿਆ ਤਾਂ ਜਨਵਰੀ 2023 ਦੌਰਾਨ ਕਰਾਊਨ ਕੋਰਟ ਵਿੱਚ 2 ਟਰਾਇਲਾਂ ਵਿੱਚ ਮੁਕੱਦਮਾ ਚਲਾਇਆ ਗਿਆ । ਇਸ ਗੈਂਗ ਦਾ ਸਰਗਨਾ ਚਰਨ ਸਿੰਘ ਪੱਛਮੀ ਲੰਡਨ ਵਿੱਚ ਸਵੇਰ ਵੇਲੇ ਛਾਪੇਮਾਰੀ ਦੌਰਾਨ ਫੜਿਆ ਗਿਆ ਸੀ। ਇਸ ਦੇ ਨਾਲ ਜਿਹੜੇ ਲੋਕ ਸ਼ਾਮਲ ਸਨ ਉਨ੍ਹਾਂ ਦਾ ਨਾਂ ਜਸਬੀਰ ਸਿੰਘ ਢੱਲ, ਜਸਬੀਰ ਸਿੰਘ ਕਪੂਰ,ਵਲਜੀਤ ਸਿੰਘ, ਇੰਨਾਂ ਸਾਰੀਆਂ ਨੂੰ ਮਨੀ ਲਾਂਡਰਿੰਗਦੀ ਸਾਜ਼ਸ਼ ਦੇ ਤਹਿਤ ਦੋਸ਼ੀ ਠਹਿਰਾਇਆ ਗਿਆ ਹੈ ।

ਇਸ ਤੋਂ ਇਲਾਵਾ ਸਰਵੰਦਰ ਸਿੰਘ ਢੱਲ ਨੂੰ ਅਪਰਾਧਿਕ ਸਾਜ਼ਸ਼ ਅਤੇ ਇਮੀਗ੍ਰੇਸ਼ਨ ਕਾਨੂੰਨਾਂ ਦੀ ਉਲੰਘਣਾ ਦਾ ਦੋਸ਼ੀ ਦੱਸਿਆ ਗਿਆ ਹੈ । ਦਿਲਜਾਨ ਸਿੰਘ ਮਲਹੋਤਰਾ ਨੂੰ ਇਮੀਗ੍ਰੇਸ਼ਨ ਕਾਨੂੰਨ ਤਹਿਤ ਸਾਜ਼ਸ਼ ਕਰਨ ਦਾ ਦੋਸ਼ੀ ਕਰਾਰ ਦਿੱਤਾ ਗਿਆ ਹੈ । ਨੈਸ਼ਨਲ ਕ੍ਰਾਈਮ ਏਜੰਸੀ ਨੇ 2019 ਦੇ ਇੱਕ ਕੇਸ ਦਾ ਹਵਾਲਾ ਵੀ ਦਿੱਤਾ ਹੈ ਜੋ ਇਸ ਗੈਂਗ ਵੱਲੋਂ ਅੰਜਾਮ ਦੇਣ ਦੀ ਕੋਸਿਸ਼ ਕੀਤੀ ਗਈ ਸੀ। 17 ਪ੍ਰਵਾਸੀਆਂ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਯੂ ਕੇ ਵਿੱਚ ਦਾਖਲ ਕਰਵਾਉਣ ਦਾ ਪਲਾਨ ਬਣਾਇਆ ਗਿਆ ਸੀ, ਜਿਸ ਵਿੱਚ 5 ਬੱਚੇ ਵੀ ਸ਼ਾਮਲ ਸਨ । ਇਨ੍ਹਾਂ ਨੂੰ ਇੱਕ ਟਾਇਰ ਦੀ ਵੈਨ ਵਿੱਚ ਲਿਜਾਇਆ ਜਾ ਰਿਹਾ ਸੀ ਪਰ ਵੈਨ ਨੂੰ ਡੱਚ ਪੁਲਿਸ ਵੱਲੋਂ ਰੋਕ ਲਿਆ ਗਿਆ । ਇਹ ਲੋਕ ਹਾਲੈਂਡ ਵਿੱਚ ਕਿਸ਼ਤੀ ਦੇ ਜ਼ਰੀਏ ਪਹੁੰਚੇ ਸਨ ।