India

UGC NET ਪ੍ਰੀਖਿਆ ਰੱਦ! ਹੁਣ ਦੁਬਾਰਾ ਹੋਣਗੇ ਪੇਪਰ, CBI ਕਰੇਗੀ ਮਾਮਲੇ ਦੀ ਜਾਂਚ

ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਨੇ UGC-NET ਜੂਨ 2024 ਦੀ ਪ੍ਰੀਖਿਆ ਰੱਦ ਕਰ ਦਿੱਤੀ ਹੈ। ਭਾਰਤ ਸਰਕਾਰ ਨੇ ਪ੍ਰੀਖਿਆ ਪ੍ਰਕਿਰਿਆ ਦੀ ਉੱਚ ਪੱਧਰੀ ਪਾਰਦਰਸ਼ਤਾ ਅਤੇ ਅਖੰਡਤਾ ਨੂੰ ਬਣਾਈ ਰੱਖਣ ਲਈ ਇਹ ਫੈਸਲਾ ਲਿਆ ਹੈ। ਪ੍ਰੀਖਿਆ ਇੱਕ ਦਿਨ ਪਹਿਲਾਂ ਦੋ ਸ਼ਿਫਟਾਂ ਵਿੱਚ ਲਈ ਗਈ ਸੀ।

ਇਸ ਫੈਸਲੇ ਤੋਂ ਬਾਅਦ ਹੁਣ ਦੁਬਾਰਾ ਤੋਂ ਨਵੀਂ ਪ੍ਰੀਖਿਆ ਲਈ ਜਾਵੇਗੀ, ਜਿਸ ਦੀ ਜਾਣਕਾਰੀ ਵੱਖਰੇ ਤੌਰ ‘ਤੇ ਸਾਂਝੀ ਕੀਤੀ ਜਾਵੇਗੀ। ਨਾਲ ਹੀ ਇਸ ਮਾਮਲੇ ਨੂੰ ਪੂਰੀ ਜਾਂਚ ਲਈ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੂੰ ਸੌਂਪਣ ਦਾ ਫੈਸਲਾ ਕੀਤਾ ਗਿਆ ਹੈ।

ਗ੍ਰਹਿ ਮੰਤਰਾਲੇ ਦੇ ਅਧੀਨ ਭਾਰਤੀ ਸਾਈਬਰ ਕ੍ਰਾਈਮ ਕੋਆਰਡੀਨੇਸ਼ਨ ਸੈਂਟਰ ਤੋਂ ਮਿਲੇ ਇਨਪੁਟਸ ਤੋਂ ਪਤਾ ਲੱਗਾ ਹੈ ਕਿ ਪ੍ਰੀਖਿਆ ਵਿੱਚ ਬੇਨਿਯਮੀਆਂ ਹੋਈਆਂ ਸਨ। ਇਸ ਦੇ ਨਾਲ ਹੀ ਪੇਪਰ ਲੀਕ ਹੋਣ ਦੀ ਸੰਭਾਵਨਾ ਵੀ ਪੈਦਾ ਹੋ ਗਈ ਹੈ।

NTA ਨੇ ਹੀ ਕਰਾਈ ਸੀ NEET (UG) 2024

ਦੱਸ ਦੇਈਏ ਕਿ ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ ਹੀ 18 ਜੂਨ 2024 ਨੂੰ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿੱਚ ਦੋ ਸ਼ਿਫਟਾਂ ਵਿੱਚ OMR ਮੋਡ ਵਿੱਚ UGC NET ਪ੍ਰੀਖਿਆ 2024 ਦਾ ਆਯੋਜਨ ਕੀਤਾ ਹੈ, ਜਿਸ ਨੂੰ ਹੁਣ ਰੱਦ ਕਰ ਦਿੱਤਾ ਗਿਆ ਹੈ। NTA ਉਹੀ ਸੰਸਥਾ ਹੈ ਜਿਸ ਨੇ NEET 2024 ਦਾ ਆਯੋਜਨ ਕੀਤਾ ਸੀ, ਜੋ ਵਿਵਾਦਾਂ ਵਿੱਚ ਘਿਰੀ ਹੋਈ ਹੈ।

ਯੂਜੀਸੀ ਨੈੱਟ 18 ਜੂਨ ਨੂੰ ਦੇਸ਼ ਭਰ ਦੇ 317 ਸ਼ਹਿਰਾਂ ਦੇ 1205 ਪ੍ਰੀਖਿਆ ਕੇਂਦਰਾਂ ‘ਤੇ ਕਰਵਾਈ ਗਈ ਸੀ। ਇਸ ਵਿੱਚ 11 ਲੱਖ ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ। ਯੂਨੀਵਰਸਿਟੀਆਂ ਅਤੇ ਕਾਲਜਾਂ ਵਿੱਚ ਪੜ੍ਹਾਉਣ ਵਾਲੇ ਅਧਿਆਪਕਾਂ ਦੀ ਯੋਗਤਾ UGC-NET ਪ੍ਰੀਖਿਆ ਰਾਹੀਂ ਨਿਰਧਾਰਿਤ ਕੀਤੀ ਜਾਂਦੀ ਹੈ।

ਇਸ ਦੇ ਆਧਾਰ ‘ਤੇ ਹੀ ਉਨ੍ਹਾਂ ਨੂੰ ਅਸਿਸਟੈਂਟ ਪ੍ਰੋਫੈਸਰ ਦੇ ਅਹੁਦੇ ‘ਤੇ ਨਿਯੁਕਤ ਕੀਤਾ ਗਿਆ ਹੈ। ਇਸ ਵਾਰ ਯੂਜੀਸੀ ਨੇ ਇਸ ਪ੍ਰੀਖਿਆ ਰਾਹੀਂ ਪੀਐਚਡੀ ਵਿੱਚ ਦਾਖ਼ਲਾ ਦੇਣ ਦਾ ਫ਼ੈਸਲਾ ਕੀਤਾ ਸੀ।