ਬਿਉਰੋ ਰਿਪੋਰਟ : ਪੰਜਾਬ ਕਾਂਗਰਸ ਨੂੰ ਵੱਡਾ ਝਟਕਾ ਲੱਗਿਆ ਹੈ,ਕਾਂਗਰਸ ਦੇ ਲਗਾਤਾਰ ਤਿੰਨ ਵਾਰ ਦੇ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਬੀਜੇਪੀ ਵਿੱਚ ਸ਼ਾਮਲ ਹੋ ਗਏ ਹਨ। ਉਨ੍ਹਾਂ ਦੀ ਪਹਿਲਾਂ ਤੋਂ ਹੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਨਜ਼ਦੀਕਿਆਂ ਦੱਸੀ ਜਾ ਰਹੀਆਂ ਸਨ । ਬਿੱਟੂ ਨੇ ਕਿਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਪੂਰੇ ਦੇਸ਼ ਦੇ ਤਰਕੀ ਕੀਤੀ,ਪੰਜਾਬ ਕਿਉਂ ਪਿੱਛੇ ਰਹੇ,ਇਸੇ ਲਈ ਉਨ੍ਹਾਂ ਨੇ ਬੀਜੇਪੀ ਵਿੱਚ ਸ਼ਾਮਲ ਹੋਣ ਦਾ ਫੈਸਲਾ ਲਿਆ ਹੈ । ਲੁਧਿਆਣਾ ਤੋਂ ਬੀਜੇਪੀ ਵੱਲੋਂ ਰਵਨੀਤ ਬਿੱਟੂ ਦੀ ਉਮੀਦਵਾਰੀ ਪੱਕੀ ਮੰਨੀ ਜਾ ਰਹੀ ਹੈ । ਹਾਲਾਂਕਿ ਕਾਂਗਰਸ ਵਿੱਚ ਵੀ ਉਨ੍ਹਾਂ ਦੀ ਟਿਕਟ ਪੱਕੀ ਮੰਨੀ ਜਾ ਰਹੀ ਸੀ । ਰਵਨੀਤ ਬਿੱਟੂ ਆਪਣੇ ਆਪ ਨੂੰ ਰਾਹੁਲ ਗਾਂਧੀ ਦੇ ਕਰੀਬੀ ਦੱਸ ਦੇ ਸਨ । 2009 ਵਿੱਚ ਜਦੋਂ ਰਾਹੁਲ ਗਾਂਧੀ ਨੇ ਨੌਜਵਾਨ ਆਗੂਆਂ ਨੂੰ ਮੌਕਾ ਦਿੱਤਾ ਸੀ ਤਾਂ ਉਸ ਵਿੱਚ ਰਨਵੀਤ ਬਿੱਟੂ ਦਾ ਨਾਂ ਵੀ ਸ਼ਾਮਲ ਸੀ ।
ਲੰਮੇ ਸਮੇਂ ਤੋਂ ਰਨਵੀਤ ਬਿੱਟੂ ਪੰਜਾਬ ਕਾਂਗਰਸ ਦੀਆਂ ਮੀਟਿੰਗਾਂ ਤੋਂ ਦੂਰ ਸਨ,ਉਹ ਕਿਸੇ ਵੀ ਪ੍ਰੋਗਰਾਮ ਵਿੱਚ ਹਿੱਸਾ ਨਹੀਂ ਲੈ ਰਹੇ ਸਨ । ਬਿੱਟੂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤਰੇ ਹਨ । 2009 ਵਿੱਚ ਉਹ ਸ੍ਰੀ ਆਨੰਦਪੁਰ ਸਾਹਿਬ ਸੀਟ ਤੋਂ ਕਾਂਗਰਸ ਦੀ ਟਿਕਟ ਤੇ ਜਿੱਤੇ ਸਨ ਫਿਰ 2014 ਅਤੇ 2019 ਵਿੱਚ ਉਨ੍ਹਾਂ ਨੇ ਲੁਧਿਆਣਾ ਲੋਕਸਭਾ ਹਲਕੇ ਤੋਂ ਚੋਣ ਜਿੱਤੀ ਸੀ । ਇਸ ਤੋਂ ਪਹਿਲਾਂ ਉਨ੍ਹਾਂ ਦੀ ਭੂਆ ਅਤੇ ਸਾਬਕਾ ਵਿਧਾਇਕ ਗੁਰਕੰਵਲ ਕੌਰ ਨੇ 2014 ਵਿੱਚ ਬੀਜੇਪੀ ਜੁਆਇਨ ਕੀਤੀ ਸੀ,ਅਰੁਣ ਜੇਟਲੀ ਉਨ੍ਹਾਂ ਨੂੰ ਬੀਜੇਪੀ ਵਿੱਚ ਲੈਕੇ ਆਏ ਸਨ ਪਰ 2 ਦਿਨ ਬਾਅਦ ਹੀ ਉਨ੍ਹਾਂ ਨੇ ਅਸਤੀਫਾ ਦੇ ਦਿੱਤਾ ਸੀ । ਬਿੱਟੂ ਦੇ ਚਾਚੇ ਦੇ ਭਰਾ ਗੁਰਕੀਰਤ ਕੋਟਲੀ ਵੀ ਖੰਨਾ ਤੋਂ 2 ਵਾਰ ਦੇ ਵਿਧਾਇਕ ਹਨ, ਬਿੱਟੂ ਦੇ ਬੀਜੇਪੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਹੁਣ ਉਨ੍ਹਾਂ ਦੇ ਵੀ ਬੀਜੇਪੀ ਵਿੱਚ ਸ਼ਾਮਲ ਹੋਣ ਦੀਆਂ ਚਰਚਾਵਾਂ ਹਨ ।
ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈਕੇ ਰਨਵੀਤ ਸਿੰਘ ਬਿੱਟੂ ਕਈ ਵਾਰ ਵਿਰੋਧ ਕਰ ਚੁੱਕੇ ਸਨ । ਕੁਝ ਮਹੀਨੇ ਪਹਿਲਾਂ ਬਲਵੰਤ ਸਿੰਘ ਰਾਜੋਆਣਾ ਨੂੰ ਮਾਫੀ ਦੇਣ ਤੋਂ ਜਦੋਂ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਨਕਾਰ ਕੀਤਾ ਸੀ ਤਾਂ ਉਨ੍ਹਾਂ ਨੇ ਗ੍ਰਹਿ ਮੰਤਰੀ ਦੀ ਕਾਫੀ ਤਰੀਫ ਕੀਤੀ ਸੀ । 2019 ਵਿੱਚ ਜਦੋਂ ਕੇਂਦਰ ਸਰਕਾਰ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਰਾਜ਼ੀ ਹੋਈ ਤਾਂ ਵੀ ਰਵਨੀਤ ਬਿੱਟੂ ਦੇ ਕਹਿਣ ‘ਤੇ ਮੋਦੀ ਸਰਕਾਰ ਨੇ ਫੈਸਲਾ ਬਦਲਿਆ ਸੀ ।