India

ਸੀਨੀਅਰ ਨੇ ਬੇਇੱਜ਼ਤੀ ਕੀਤੀ ਤਾਂ ਕਾਂਸਟੇਬਲ ਬਣਿਆ IPS! ਨਤੀਜਾ ਵੇਖ ਹੁਣ ਸੀਨੀਅਰ ਦਾ ਹੋਇਆ ਇਹ ਹਾਲ

ਬਿਉਰੋ ਰਿਪੋਰਟ – 2 ਦਿਨ ਪਹਿਲਾ UPSC ਦੇ ਨਤੀਜਿਆਂ ਵਿੱਚ ਸਫ਼ਲ ਹੋਏ ਇੱਕ ਨੌਜਵਾਨ ਦੀ ਦਿਲਚਸਪ ਕਹਾਣੀ ਸਾਹਮਣੇ ਆਈ ਹੈ ਜੋ ਯਕੀਨਨ ਤੁਹਾਡੇ ਸੋਚਣ ਸਮਝਣ ਦਾ ਨਜ਼ਰੀਆ ਹੀ ਬਦਲ ਦੇਵੇਗੀ। ਜ਼ਿੰਦਗੀ ਤੁਹਾਨੂੰ ਅਸਾਨ ਲੱਗਣ ਲੱਗੇਗੀ, ਮਿਹਨਤ ‘ਤੇ ਵਿਸ਼ਵਾਸ਼ ਵੱਧ ਜਾਵੇਗਾ। ਆਂਧਰਾ ਪ੍ਰਦੇਸ਼ ਦੇ ਇੱਕ ਸਾਬਕਾ ਪੁਲਿਸ ਕਾਂਸਟੇਬਲ ਉਦੈ ਕ੍ਰਿਸ਼ਨਾ ਰੈੱਡੀ ਨੇ ਆਪਣੇ ਸੀਨੀਅਰ ਤੋਂ ਬਦਲਾ ਲੈਣ ਖ਼ਾਤਰ ਸਿਪਾਹੀ (ਕਾਂਸਟੇਬਲ) ਦੀ ਨੌਕਰੀ ਛੱਡੀ ਤੇ ਹੁਣ ਆਪਣੀ ਮਿਹਨਤ ਸਦਕਾ UPSC ਸਿਵਲ ਸਰਵਿਸਿਜ਼ ਪ੍ਰੀਖਿਆ 2023 ਪਾਸ ਕਰ ਲਈ ਹੈ।

ਦਰਅਸਲ, ਉਦੈ ਕ੍ਰਿਸ਼ਨ ਰੈੱਡੀ ਦਾ ਪੁਲਿਸ ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਨੇ ਅਪਮਾਨ ਕਰ ਦਿੱਤਾ ਸੀ ਜਿਸ ਨੂੰ ਉਹ ਬਰਦਾਸ਼ਤ ਨਾ ਕਰ ਸਕਿਆ। ਇਸ ਅਪਮਾਨ ਦਾ ਸਾਹਮਣਾ ਕਰਨ ਤੋਂ ਬਾਅਦ ਉਸ ਨੇ ਪੁਲਿਸ ਵਿੱਚ ਸਿਪਾਹੀ ਦੀ ਨੌਕਰੀ ਛੱਡ ਦਿੱਤੀ ਸੀ। ਉਹ ਖ਼ੁਦ ਵੀ ਸੀਨੀਅਰ ਅਫ਼ਸਰ ਬਣਨ ਦਾ ਇਰਾਦਾ ਰੱਖਦਾ ਸੀ, ਜੋ ਉਸ ਨੇ 6 ਸਾਲਾਂ ਬਾਅਦ ਹੁਣ ਪੂਰਾ ਕੀਤਾ।

2013 ਤੋਂ 2018 ਤੱਕ ਉਦੈ ਕ੍ਰਿਸ਼ਨ ਰੈੱਡੀ ਆਂਧਰਾ ਪ੍ਰਦੇਸ਼ ਪੁਲਿਸ ਵਿੱਚ ਕਾਂਸਟੇਬਲ ਦੇ ਅਹੁਦੇ ‘ਤੇ ਰਿਹਾ। ਸਾਲ 2018 ‘ਚ ਸਰਕਲ ਇੰਸਪੈਕਟਰ (CI) ਨੇ ਕਰੀਬ 60 ਸਾਥੀ ਪੁਲਿਸ ਕਰਮਚਾਰੀਆਂ ਦੇ ਸਾਹਮਣੇ ਉਸ ਦਾ ਅਪਮਾਨ ਕੀਤਾ ਸੀ। ਕਥਿਤ ਤੌਰ ‘ਤੇ ਇਸ ਅਪਮਾਨ ਤੋਂ ਦੁਖੀ, ਉਦੈ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਅਤੇ ਇਕ ਦਿਨ ਅਫ਼ਸਰ ਬਣਨ ਦਾ ਸੰਕਲਪ ਲਿਆ।

ਕਾਂਸਟੇਬਲ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ, ਉਦੈ ਕ੍ਰਿਸ਼ਨ ਨੇ UPSC ਪ੍ਰੀਖਿਆ ਲਈ ਤਿਆਰੀ ਕੀਤੀ ਤੇ ਪੂਰੀ ਤਰ੍ਹਾਂ ਨਾਲ IAS ਅਧਿਕਾਰੀ ਬਣਨ ‘ਤੇ ਧਿਆਨ ਦਿੱਤਾ। ਹੁਣ ਉਸ ਨੇ UPSC ਸਿਵਲ ਸੇਵਾਵਾਂ ਪ੍ਰੀਖਿਆ 2023 ਵਿੱਚ 780ਵਾਂ ਰੈਂਕ ਪ੍ਰਾਪਤ ਕੀਤਾ ਹੈ।