ਸ੍ਰੀ ਹੇਮਕੁੰਟ ਸਾਹਿਬ ਯਾਤਰਾ (Sri Hemkunt Sahib Yatra) ਉਤੇ ਜਾ ਰਹੇ ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ। ਜਾਣਕਾਰੀ ਮਿਲੀ ਹੈ ਕਿ ਕੁਝ ਨੌਜਵਾਨ 2 ਕਾਰਾਂ ਉਤੇ ਘਰੋਂ ਯਾਤਰਾ ਲਈ ਤੁਰੇ ਸਨ। ਜਲੰਧਰ ਨੇੜੇ ਇਕ ਕਾਰ ਦਾ ਟਾਇਰ ਪੈਂਚਰ ਹੋ ਗਿਆ। ਜਦ ਨੌਜਵਾਨ ਟਾਇਰ ਬਦਲ ਰਹੇ ਸਨ ਤਾਂ ਪਿੱਛੋਂ ਆਈ ਇਕ ਤੇਜ਼ ਰਫਤਾਰ ਕਾਰ ਨੇ ਉਨ੍ਹਾਂ ਨੂੰ ਦਰੜ ਦਿੱਤਾ।
ਜਾਣਕਾਰੀ ਮਿਲੀ ਹੈ ਕਿ ਐਤਵਾਰ ਸਵੇਰੇ ਦੋ ਕਾਰਾਂ ਚ ਸਵਾਰ ਹੋ ਕੇ ਕਰੀਬ ਅੱਠ ਨੌਜਵਾਨ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਲਈ ਜਾ ਰਹੇ ਸਨ। ਜਦ ਉਹ ਜਲੰਧਰ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਸਾਹਮਣੇ ਪਹੁੰਚੇ ਤਾਂ ਦੋ ਕਾਰਾਂ ’ਚੋਂ ਇਕ ਪੈਂਚਰ ਹੋ ਗਈ। ਨਰਿੰਦਰ ਸ਼ੌਂਕੀ ਭਾਟੀਆ ਤੇ ਹਰਮਨ ਦਮਨ ਖ਼ੁਦ ਕਾਰ ਨੂੰ ਪੈਂਚਰ ਲਗਾ ਕੇ ਕਾਰ ‘ਚ ਬੈਠਣ ਹੀ ਲੱਗੇ ਸਨ ਕਿ ਪਿਛੋਂ ਆਈ ਤੇਜ਼ ਰਫਤਾਰ ਕਾਰ ਨੇ ਦੋਵਾਂ ਨੂੰ ਆਪਣੀ ਲਪੇਟ ‘ਚ ਲੈ ਲਿਆ।
ਇੱਕ ਨੌਜਵਾਨ ਹਰਮਨ ਸਿੰਘ ਦਮਨ ਪੁੱਤਰ ਅਵਤਾਰ ਸਿੰਘ 33 ਸਾਲ ਵਾਸੀ ਅੰਮ੍ਰਿਤਸਰ ਦੀ ਮੌਕੇ ਉੱਤੇ ਮੌਤ ਹੋ ਗਈ।
ਦੂਸਰੇ ਨੌਜਵਾਨ ਨਰਿੰਦਰ ਸਿੰਘ ਸ਼ੌਂਕੀ ਭਾਟੀਆ ਪੁੱਤਰ ਹਰਪਾਲ ਸਿੰਘ ਵਾਸੀ ਵਾਰਡ ਨੰ 7 ਫਤਿਹਗੜ ਚੂੜੀਆਂ ਦੀ ਹਸਪਤਾਲ ਜਾ ਕੇ ਮੌਤ ਹੋਈ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਟੱਕਰ ਮਾਰਨੇ ਵਾਲੇ ਦੋ ਨੌਜਵਾਨ ਸ਼ਰਾਬੀ ਹਾਲਤ ਵਿੱਚ ਸਨ ਅਤੇ ਉਨਾਂ ਦੀ ਗੱਡੀ ਵਿੱਚ ਸ਼ਰਾਬ ਦੀਆਂ ਬੋਤਲਾਂ ਪਈਆ ਸਨ ਜਿੰਨਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਮ੍ਰਿਤਕਾਂ ਦੀਆਂ ਲਾਸ਼ਾ ਨੂੰ ਕਬਜੇ ਵਿੱਚ ਲੈ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਸ ਸਬੰਧੀ ਮ੍ਰਿਤਕ ਨੌਜਵਾਨ ਨਰਿੰਦਰ ਸਿੰਘ ਸ਼ੌਂਕੀ ਭਾਟੀਆ ਦੇ ਚਾਚਾ ਗੁਰਮੱਖ ਸਿੰਘ ਰਾਜੂ ਭਾਟੀਆ ਅਤੇ ਰਿਸ਼ਤੇਦਾਰ ਲਵ ਭਾਟੀਆ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਤੇਜ ਰਫ਼ਤਾਰ ਗੱਡੀ ਨੇ ਦੋ ਨੌਵਜਾਨਾਂ ਨੂੰ ਦਰਾੜ ਦੇ ਉਨਾਂ ਦੀ ਜਾਨ ਲੈ ਲਈ ਹੈ ਜਿਸ ਨਾਲ ਉਨਾਂ ਦਾ ਘਰ ਉਜੜ ਗਿਆ ਹੈ। ਮ੍ਰਿਤਕ ਨਰਿੰਦਰ ਸਿੰਘ ਸ਼ੌਂਕੀ ਭਾਟੀਆ ਦੇ ਚਾਚਾ ਨੇ ਦੱਸਿਆ ਕਿ ਉਹ ਕੱਪੜੇ ਦਾ ਵਪਾਰ ਕਰਦਾ ਸੀ ਤੇ ਦੂਜਾ ਮ੍ਰਿਤਕ ਨੌਜਵਾਨ ਅੰਮ੍ਰਿਤਸਰ ‘ਚ ਫਾਈਨਾਂਸ ਦਾ ਕੰਮ ਕਰਦਾ ਸੀ। ਸ਼ੌਂਕੀ ਭਾਟੀਆ ਅਜੇ ਕੁਵਾਰਾ ਸੀ।