Punjab

ਪੱਟੀ ‘ਚ ਅਣਪਛਾਤਿਆਂ ਵੱਲੋਂ ਦੋ ਨੌਜਵਾਨਾਂ ਦੀ ਜੀਵਨ ਲੀਲ੍ਹਾ ਖਤਮ

The murder of two boys

ਪੰਜਾਬ ਵਿੱਚ ਨੌਜਵਾਨਾਂ ਦੇ ਕਤਲ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ। ਜਿਸ ਦੇ ਚਲਦਿਆਂ ਥਾਣਾ ਸਦਰ ਪੱਟੀ ਦੇ ਪਿੰਡ ਗੁਦਾਈਕੇ ਵਿੱਚ ਬੀਤੀ ਰਾਤ ਦੋ ਨੌਜਵਾਨਾਂ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕਾਂ ਦੀ ਪਛਾਣ ਗੁਰਦਰਸ਼ਨ ਸਿੰਘ ਉਰਫ਼ ਸੋਨਾ (27) ਵਾਸੀ ਜੋਧ ਸਿੰਘ ਵਾਲਾ ਤੇ ਸ਼ਿੰਦਰ ਸਿੰਘ (26) ਵਾਸੀ ਜੰਡ ਵਜੋਂ ਹੋਈ ਹੈ। ਹਮਲਾਵਰਾਂ ਨੇ ਦੋਵੇਂ ਨੌਜਵਾਨਾਂ ਦੇ ਮੋਬਾਈਲ ਫੋਨ ਵੀ ਭੰਨ੍ਹ ਦਿੱਤੇ ਅਤੇ ਖ਼ੁਦ ਮੌਕੇ ’ਤੋਂ ਫਰਾਰ ਹੋ ਗਏ। ਘਟਨਾ ਬਾਰੇ ਅੱਜ ਸਵੇਰੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਜਾਣਕਾਰੀ ਦਿੱਤੀ ਗਈ, ਜਿਸ ਮਗਰੋਂ ਪੁਲੀਸ ਨੂੰ ਸੂਚਿਤ ਕੀਤਾ ਗਿਆ।

ਜਾਣਕਾਰੀ ਅਨੁਸਾਰ ਗੁਰਦਰਸ਼ਨ ਸਿੰਘ ਤੇ ਸ਼ਿੰਦਰ ਸਿੰਘ ਕਰੀਬੀ ਦੋਸਤ ਸਨ ਤੇ ਜਿਸ ਥਾਂ ’ਤੇ ਦੋਵਾਂ ਦਾ ਕਤਲ ਹੋਇਆ, ਉਸ ਬਹਿਕ ਦਾ ਮਾਲਕ ਮਲਕੀਤ ਸਿੰਘ ਗੁਰਦਰਸ਼ਨ ਸਿੰਘ ਦਾ ਰਿਸ਼ਤੇਦਾਰ ਸੀ। ਮਿਲੀ ਜਾਣਕਾਰੀ ਮੁਤਾਬਕ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਮ੍ਰਿਤਕ ਨੌਜਵਾਨਾਂ ਦੇ ਮੋਬਾਈਲ ਫੋਨਾਂ ਦੀ ਭੰਨ ਤੋੜ ਕਰਕੇ ਮੁਲਜ਼ਮ ਫਰਾਰ ਹੋ ਗਏ। ਅੱਜ ਸਵੇਰੇ ਕੁਝ ਲੋਕਾਂ ਵੱਲੋਂ ਮ੍ਰਿਤਕ ਨੌਜਵਾਨਾਂ ਦੇ ਘਰ ਕਤਲ ਦੀ ਸੂਚਨਾ ਦਿੱਤੀ, ਜਿਸ ਤੋਂ ਬਾਅਦ ਸਥਾਨਕ ਪੁਲਿਸ ਤੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰ ਮੌਕੇ ’ਤੇ ਪਹੁੰਚੇ।

ਡੀਐੱਸਪੀ ਪੱਟੀ ਸਤਨਾਮ ਸਿੰਘ ਨੇ ਦੱਸਿਆ ਕਿ ਮਲਕੀਤ ਸਿੰਘ ਨੇ ਬੀਤੀ ਸ਼ਾਮ ਫੋਨ ਕਰਕੇ ਗੁਰਦਰਸ਼ਨ ਸਿੰਘ ਤੇ ਸ਼ਿੰਦਰ ਸਿੰਘ ਨੂੰ ਆਪਣੀ ਬਹਿਕ ਵਿੱਚ ਸੱਦਿਆ ਸੀ, ਜਿਥੇ ਪਹਿਲਾਂ ਹੀ ਪੰਜ-ਛੇ ਵਿਅਕਤੀ ਮੌਜੂਦ ਸਨ। ਉਥੇ ਕਿਸੇ ਗੱਲ ਨੂੰ ਲੈ ਕੇ ਦੋਵੇਂ ਧਿਰਾਂ ਵਿਚਕਾਰ ਤਕਰਾਰ ਹੋ ਗਈ ਤੇ ਇੱਕ ਧਿਰ ਨੇ ਤੇਜ਼ਧਾਰ ਹਥਿਆਰਾਂ ਨਾਲ ਗੁਰਦਰਸ਼ਨ ਤੇ ਸ਼ਿੰਦਰ ’ਤੇ ਹਮਲਾ ਕਰਦਿਆਂ ਉਨ੍ਹਾਂ ਦਾ ਕਤਲ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਮਲਕੀਤ ਸਿੰਘ ਸਣੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾ ਦੀ ਭਾਲ ਆਰੰਭ ਦਿੱਤੀ ਹੈ।