ਲੁਧਿਆਣਾ ਦੇ ਬੁੱਢਾ ਦਰਿਆ ‘ਚ ਦੋ ਨੌਜਵਾਨਾਂ ਦੇ ਡੁੱਬਣ ਕਾਰਨ ਮੌਤ ਹੋ ਗਈ ਹੈ। ਇਹ ਦੋਨੇ ਨੌਜਵਾਨ ਨਹਾਉਣ ਲਈ ਦਰਿਆ ਗਏ ਸਨ ਪਰ ਅਚਾਨਕ ਪੈਰ ਤਿਲ੍ਹਕਣ ਕਾਰਨ ਡੁੱਬ ਗਏ। ਮ੍ਰਿਤਕ ਨੌਜਵਾਨਾਂ ਦੀ ਪਛਾਣ ਮੋਹਤਰਾਮ ਅਤੇ ਸਾਹਿਬ ਵਜੋਂ ਹੋਈ ਹੈ। ਲਾਸ਼ਾਂ ਨੂੰ ਸਿਵਲ ਹਸਪਤਾਲ ‘ਚ ਰਖਵਾਇਆ ਗਿਆ ਹੈ। ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀਆਂ ਜਾਣਗੀਆਂ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਦੱਸਿਆ ਜਾ ਰਿਹਾ ਹੈ ਕਿ ਲੁਧਿਆਣਾ ਦੇ ਟਿੱਬਾ ਰੋਡ ਨੇੜੇ ਗੁਰਮੇਲ ਪਾਰਕ ਵਿੱਚ ਰਹਿਣ ਵਾਲੇ ਸੱਤ ਨੌਜਵਾਨ ਗਰਮੀ ਤੋਂ ਰਾਹਤ ਪਾਉਣ ਲਈ ਬੁੱਢਾ ਦਰਿਆ ਧਨਾਸ ਵਿੱਚ ਇਸ਼ਨਾਨ ਕਰਨ ਗਏ। ਇੱਥੇ ਪੈਰ ਤਿਲ੍ਹਕਣ ਕਾਰਨ ਦੋ ਨੌਜਵਾਨ ਪਾਣੀ ਵਿੱਚ ਡੁੱਬ ਗਏ। ਨੌਜਵਾਨਾਂ ਦੀਆਂ ਚੀਕਾਂ ਸੁਣ ਕੇ ਲੋਕ ਇਕੱਠੇ ਹੋ ਗਏ। ਲੋਕਾਂ ਨੇ ਆਪਣੇ ਪੱਧਰ ‘ਤੇ ਡੁੱਬ ਰਹੇ ਨੌਜਵਾਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਦੋਵਾਂ ਨੌਜਵਾਨਾਂ ਦੀ ਲੋਕਾਂ ਦੇ ਸਾਹਮਣੇ ਹੀ ਮੌਤ ਹੋ ਗਈ।
ਮੌਕੇ ‘ਤੇ ਮੌਜੂਦ ਬਾਕੀ ਦੋਸਤਾਂ ਨੇ ਮ੍ਰਿਤਕਾਂ ਦੇ ਪਰਿਵਾਰ ਨੂੰ ਸੂਚਨਾ ਦਿੱਤੀ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਗ਼ੋਤੇਖ਼ੋਰਾਂ ਦੀ ਮਦਦ ਨਾਲ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ।ਮ੍ਰਿਤਕ ਮੋਹਤਰਾਮ ਦੇ ਪਿਤਾ ਮੁਸਤਕੀਮ ਸਲਮਾਨੀ ਨੇ ਦੱਸਿਆ ਕਿ ਉਸ ਦੀ ਭਰਜਾਈ ਦਾ ਲੜਕਾ ਸਾਹਿਬ ਵੀ ਉਸ ਦੇ ਨਾਲ ਰਹਿੰਦਾ ਸੀ। ਸਵੇਰੇ ਸਾਰੇ ਦੋਸਤ ਨਹਾਉਣ ਲਈ ਕਹਿ ਕੇ ਸਵਿਮਿੰਗ ਪੂਲ ‘ਤੇ ਚਲੇ ਗਏ ਸਨ। ਪਤਾ ਨਹੀਂ ਕਿਵੇਂ ਸਾਰੇ ਨੌਜਵਾਨ ਇਸ਼ਨਾਨ ਕਰਨ ਧਨਸੂ ਪਹੁੰਚ ਗਏ।