ਬਿਉਰੋ ਰਿਪੋਰਟ – ਆਗਰਾ ਵਿੱਚ ਤਾਜ ਮਹਿਲ ਅੰਦਰ ਮੁੜ ਤੋਂ ਨਫ਼ਰਤ ਫੈਲਾਉਣ ਵਾਲੀ ਹਰਕਤ ਹੋਈ। ਕੁਝ ਸਿਰਫਿਰਿਆਂ ਨੇ ਤਾਜ ਮਹਿਲ ਵਿੱਚ ‘ਗੰਗਾ ਜਲ’ ਚੜ੍ਹਾਉਣ ਦੀ ਹਰਕਤ ਕੀਤੀ ਹੈ, ਇਸ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਤੇਜੀ ਨਾਲ ਵਾਇਰਲ ਹੋ ਰਿਹਾ ਸੀ। ਜਿਸ ਵਿੱਚ 2 ਨੌਜਵਾਨ ਤਾਜ ਮਹਿਲ ਦੇ ਅੰਦਰ ਮਕਬਰੇ ਦੇ ਕੋਲ ਜਲ ਚੜ੍ਹਾਉਂਦੇ ਹੋਏ ਨਜ਼ਰ ਆ ਰਹੇ ਹਨ। ਜਿਸ ਤੋਂ ਬਾਅਦ CISF ਨੇ ਦੋਵੇ ਨੌਜਵਾਨਾਂ ਨੂੰ ਹਿਰਾਸਤ ਵਿੱਚ ਲੈ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ।
ਜਾਣਕਾਰੀ ਮੁਤਾਬਕ ਦੋਵੇਂ ਨੌਜਵਾਨਾਂ ਨੇ ਇਹ ਹਰਕਤ ਸ਼ਨਿੱਚਰਵਾਰ 3 ਅਗਸਤ ਨੂੰ ਕੀਤੀ, ਤਾਜ ਮਹਿਲ ਦੇ ਵਿਚਾਲੇ ਇਕ ਗੁੰਬਦ ਹੈ ਜਿਸ ਦੇ ਹੇਠਾਂ ਤੈਖ਼ਾਨਾ ਹੈ। ਇੱਥੇ ਮੁਮਤਾਜ਼ ਅਤੇ ਸ਼ਾਹਜਹਾਂ ਦੀ ਕਬਰ ਹੈ। ਉੱਥੇ ਜਾਣ ਵਾਲੀਆਂ ਪੌੜੀਆਂ ਕੋਲ ਇੱਕ ਨੌਜਵਾਨ ਨੇ ‘ਗੰਗਾ ਜਲ’ ਚੜ੍ਹਾਇਆ।
ਦਰਅਸਲ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਦੀ ਬੇਸਮੈਂਟ ਵਿੱਚ ਇੱਕ ਸ਼ਿਵ ਮੰਦਰ ਹੈ ਜਿਸ ਨੂੰ ਭਾਰਤ ਪੁਰਾਤੱਤਵ ਵਿਭਾਗ ਨੇ ਅਦਾਲਤ ਵਿੱਚ ਨਕਾਰ ਦਿੱਤਾ ਸੀ। ਇਕ ਹਿੰਦੂ ਜਥੇਬੰਦੀ ਨਾਲ ਜੁੜੇ ਸ਼ਖਸ ਨੇ ਅਦਾਲਤ ਵਿੱਚ ਪਟੀਸ਼ਨ ਵੀ ਪਾਈ ਸੀ ਜਿਸ ਨੂੰ ਕੋਰਟ ਨੇ ਰੱਦ ਕਰਦੇ ਹੋਏ ਪਟੀਸ਼ਨਕਰਤਾਂ ਨੂੰ ਤਗੜੀ ਫਟਕਾਰ ਲਗਾਈ ਸੀ।
ਪੁਲਿਸ ਨੇ ਦੱਸਿਆ ਕਿ ਜਿਨ੍ਹਾਂ ਨੌਜਵਾਨਾਂ ਨੇ ਇਹ ਹਰਕਤ ਕੀਤੀ ਹੈ ਉਨ੍ਹਾਂ ਦੋਵਾਂ ਨੌਜਵਾਨਾਂ ਦੀ ਪਛਾਣ ਵਿਨੇਸ਼ ਕੁੰਤਲ ਅਤੇ ਸ਼ਿਆਮ ਬਘੇਲ ਦੇ ਤੌਰ ’ਤੇ ਹੋਈ ਹੈ। ਇਹ ਆਲ ਇੰਡੀਆ ਹਿੰਦ ਮਹਾਸਭਾ ਨਾਲ ਜੁੜੇ ਹੋਏ ਹਨ। ਪੁਲਿਸ ਨੇ ਧਾਰਾ 295 A ਅਧੀਨ ਮਾਮਲਾ ਦਰਜ ਕਰ ਲਿਆ ਹੈ।
ਇਸ ਤੋਂ ਪਹਿਲਾਂ ਯੂਪੀ ਸਰਕਾਰ ਨੇ ਕਾਂਵੜ ਦੇ ਰਸਤੇ ਜਾਣ ਵਾਲੇ ਸਾਰੇ ਦੁਕਾਨਾਂ ਨੂੰ ਆਪਣਾ ਨਾਂ ਲਿਖਣ ਦੇ ਆਦੇਸ਼ ਦਿੱਤੇ ਸਨ ਜਿਸ ’ਤੇ ਸੁਪਰੀਮ ਕੋਰਟ ਨੇ ਰੋਕ ਲੱਗਾ ਦਿੱਤੀ ਸੀ। ਫਿਰ ਉੱਤਰਾਖੰਡ ਸਰਕਾਰ ਨੇ ਕਾਂਵੜ ਦੇ ਰਸਤੇ ਮਸਜ਼ਿਦਾਂ ਦੇ ਸਾਹਮਣੇ ਵੱਡੇ-ਵੱਡੇ ਟੈਂਡ ਲਗਾ ਦਿੱਤੇ ਸਨ।