ਦੇਸ਼ ਅੱਜ ਪੁਲਵਾਮਾ ਹਮਲੇ ਦੇ ਸ਼ਹੀਦਾਂ ਨੂੰ ਦੇ ਰਿਹਾ ਹੈ ਹੰਝੂਆਂ ਨਾਲ ਭਰੀ ਸ਼ਰਧਾਂਜਲੀ
‘ਬਿਠਾ ਕਰ ਪਾਸ ਬੱਚੋਂ ਕੋ ਜੋ ਕਲ ਕਿੱਸੇ ਸੁਨਾਤਾ ਥਾ,
ਉਸੇ ਕਿੱਸਾ ਬਨਾਨੇ ਕੋ, ਕਿਆ ਜਾਇਜ਼ ਯੇ ਧਮਾਕਾ ਥਾ।
ਪਹੁੰਚਾ ਘਰ ਜੋ ਉਸਕੇ ਥਾ, ਵੋ ਤਾਬੂਤ ਖਾਲੀ ਥਾ,
ਉਠਾ ਜੋ ਉਸਕੀ ਚੌਖ਼ਟ ਸੇ, ਬਹੁਤ ਭਾਰੀ ਜਨਾਜ਼ਾ ਥਾ।’
‘ਦ ਖ਼ਾਲਸ ਬਿਊਰੋ(ਜਗਜੀਵਨ ਮੀਤ):-ਇਹ ਸਿਰਫ ਇੱਕ ਚਾਰ ਮਿਸਰਿਆਂ ਦਾ ਸ਼ੇਅਰ ਨਹੀਂ ਹੈ, ਇਸ ‘ਚ ਕਈ ਜਵਾਨਾਂ ਦੀ ਸ਼ਹਾਦਤ ਦੀ ਅਮਰ ਕਹਾਣੀ ਹੈ। ਕਹਾਣੀ ਵੀ ਅਜਿਹੀ ਕਿ ਇਸਦੇ ਕਿਰਦਾਰ ਸਾਡੀ ਜਿੰਦਗੀ ਦੇ ਹੁਣ ਵੀ ਅਹਿਮ ਹਿੱਸਾ ਹਨ। ਬੇਸ਼ੱਕ ਇਹ ਕਿਰਦਾਰ ਸਾਡੇ ਵਿਚਕਾਰ ਨਹੀਂ, ਪਰ ਉਨ੍ਹਾਂ ਦਾ ਦੇਸ਼ ਲਈ ਜ਼ਜਬਾ, ਦਲੇਰੀ ਤੇ ਸ਼ਹਾਦਤ ਹਮੇਸ਼ਾ ਸਾਡੇ ਸਿਰਾਂ ‘ਤੇ ਕਰਜ਼ਾ ਹੈ। ਭਾਰਤੀ ਫੌਜ ਨੇ ਆਪਣੇ ਟਵਿੱਟਰ ‘ਤੇ 1 ਮਿੰਟ 42 ਸੈਕੇਂਡ ਦੀ ਇੱਕ ਵੀਡਿਓ ਜਾਰੀ ਕਰਕੇ ਪੁਲਵਾਮਾ ਹਮਲੇ ਵਿੱਚ ਸ਼ਹੀਦ ਹੋਏ ਅਮਰ ਜਵਾਨਾਂ ਲਈ ਹੰਝੂਆਂ ਨਾਲ ਭਰੀ ਸ਼ਰਧਾਂਜਲੀ ਦਿੱਤੀ ਹੈ।
ਅੱਜ ਦੇ ਹੀ ਦਿਨ 14 ਫਰਵਰੀ, 2019 ਨੂੰ ਕਸ਼ਮੀਰ ਦੇ ਪੁਲਵਾਮਾ ਵਿੱਚ ਸੀਆਰਪੀਐੱਫ ਦੇ ਕਾਫਲੇ ’ਤੇ ਹਮਲੇ ਦੇ ਜ਼ਖਮ ਹਾਲੇ ਵੀ ਤਾਜਾ ਹਨ। ਦੇਸ਼ ਦੀ ਖਾਤਿਰ ਸਰਹੱਦਾਂ ਤੇ ਲੜਨ ਵਾਲੇ ਨੌਜਵਾਨਾਂ ਨੇ ਨਹੀਂ ਸੋਚਿਆ ਸੀ ਕਿ ਬਸਾਂ ਰਾਹੀਂ ਉਨ੍ਹਾਂ ਦਾ ਸਫਰ ਕਿਸੇ ਹੋਰ ਸਫਰ ਤੇ ਹੀ ਚਲੇ ਜਾਵੇਗਾ। ਇਸ ਅੱਤਵਾਦੀ ਹਮਲੇ ਵਿੱਚ ਸੀਆਰਪੀਐੱਫ ਦੇ ਘੱਟੋ-ਘੱਟ 40 ਜਵਾਨਾਂ ਦੀ ਮੌਤ ਹੋਈ ਸੀ।
ਇਸ ਦਿਨ ਨੂੰ ਯਾਦ ਕਰੀਏ ਤਾਂ ਜੰਮੂ–ਸ੍ਰੀਨਗਰ ਨੈਸ਼ਨਲ ਹਾਈਵੇਅ ਉੱਤੇ 78 ਬੱਸਾਂ ’ਚ ਸੀਆਰਪੀਐੱਫ਼ ਦੇ ਲਗਭਗ 2,500 ਜਵਾਨਾਂ ਦਾ ਕਾਫ਼ਲਾ ਜਾ ਰਿਹਾ ਸੀ। ਉਸੇ ਵੇਲੇ ਪੁਲਵਾਮਾ ਨੇੜੇ ਸੜਕ ਦੇ ਦੂਜੇ ਪਾਸਿਓਂ ਸਾਹਮਣੇ ਤੋਂ ਆ ਰਹੀ ਇੱਕ ਕਾਰ ਨੇ ਸੀਆਰਪੀਐੱਫ਼ ਦੇ ਕਾਫ਼ਲੇ ਨੂੰ ਟੱਕਰ ਮਾਰ ਦਿੱਤੀ। ਇਸ ਦੌਰਾਨ SUV ਕਾਰ ਦੇ ਟਕਰਾਉਂਦੇ ਸਾਰ ਹੀ ਜ਼ੋਰਦਾਰ ਧਮਾਕਾ ਹੋ ਗਿਆ ਤੇ ਇਸ ਹਮਲੇ ਵਿੱਚ 42 ਜਵਾਨ ਮੌਕੇ ’ਤੇ ਹੀ ਸ਼ਹੀਦ ਹੋ ਗਏ। ਇੱਥੇ ਹੀ ਬਸ ਨਹੀਂ, ਭਾਰਤੀ ਜਵਾਨ ਜਦੋਂ ਤੱਕ ਕੋਈ ਕਾਰਵਾਈ ਕਰਦੇ ਅੱਤਵਾਦੀਆਂ ਨੇ ਗੋਲੀਆਂ ਵਰ੍ਹਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਤੋਂ ਬਾਅਦ ਭਾਰਤੀ ਜਵਾਨਾਂ ਨੇ ਵੀ ਪੁਜੀਸ਼ਨਾਂ ਲੈਂਦਿਆਂ ਜਵਾਬੀ ਕਾਰਵਾਈ ਕਰ ਦਿੱਤੀ।
ਮੌਕੇ ਤੇ ਹਾਲਾਤ ਇਸ ਤਰ੍ਹਾਂ ਦੇ ਸਨ ਕਿ ਗੱਡੀਆਂ ਦੇ ਪਰਖੱਚੇ ਉੱਡ ਗਏ ਸਨ। ਚਾਰੇ ਪਾਸੇ ਜਵਾਨਾਂ ਦੀਆਂ ਲਾਸ਼ਾਂ ਦੇ ਮਾਸ ਦੇ ਲੋਥੜੇ ਫੈਲੇ ਹੋਏ ਸਨ। ਤਬਾਹੀ ਦਾ ਇਹ ਮੰਜਰ ਅੱਜ ਵੀ ਦਿਲ ਦਹਿਲਾ ਦਿੰਦਾ ਹੈ। ਇਸ ਹਮਲੇ ਦੀ ਜਿੰਮੇਦਾਰੀ ਆਤਮਘਾਤੀ ਹਮਲਾਵਰ ਅੱਤਵਾਦੀ ਆਦਿਲ ਅਹਿਮਦ ਡਾਰ ਨਾਲ ਜੁੜੀ। ਵਿਸਫ਼ੋਟਕ ਪਦਾਰਥਾਂ ਨਾਲ ਲੱਦੀ ਕਾਰ ਉਹੀ ਚਲਾ ਰਿਹਾ ਸੀ। ਉਸ ਨੇ ਖ਼ੁਦ ਨੂੰ ਵੀ ਇਸ ਹਮਲੇ ਵਿੱਚ ਉਡਾ ਲਿਆ ਸੀ। ਪਾਕਿਸਤਾਨ ਸਥਿਤ ਅੱਤਵਾਦੀ ਜੱਥੇਬੰਦੀ ਜੈਸ਼–ਏ–ਮੁਹੰਮਦ ਨੇ ਬਾਅਦ ਵਿੱਚ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਸੀ।
ਉਸ ਹਮਲੇ ਦੇ 12 ਦਿਨਾਂ ਬਾਅਦ 26 ਫ਼ਰਵਰੀ ਨੂੰ ਭਾਰਤੀ ਹਵਾਈ ਫ਼ੌਜ ਨੇ ਪਾਕਿਸਤਾਨ ਸਥਿਤ ਬਾਲਾਕੋਟ ’ਚ ਜੈਸ਼-ਏ-ਮੁਹੰਮਦ ਦੇ ਟਿਕਾਣੇ ਉੱਤੇ ਕਰਾਰਾ ਹਮਲਾ ਕੀਤਾ। ਇਸ ਹਮਲੇ ਵਿੱਚ ਲਗਭਗ 300 ਅੱਤਵਾਦੀ ਹਲਾਕ ਹੋਏ।