ਕੋਲਕਾਤਾ : ਭਾਰਤ ਵਿੱਚ ਲਗਾਤਾਰ ਵੱਧ ਰਹੀ ਆਵਾਜਾਈ ਕਾਰਨ ਇੱਥੇ ਹਾਦਸਿਆਂ ਦੀ ਗਿਣਤੀ ਵਿੱਚ ਲਗਾਤਰ ਵਾਧਾ ਹੋ ਰਿਹਾ ਹੈ। ਹਰ ਰੋਜ਼ ਵਾਹਨਾਂ ਦੀਆਂ ਆਪਸ ਵਿੱਚ ਟਕਰਾਉਣ ਦੀਆਂ ਖ਼ਬਰ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਇਸੇ ਦੌਰਾਨ ਲੰਘੇ ਬੁੱਧਵਾਰ ਨੂੰ ਸਿਆਲਦਹ ਸਟੇਸ਼ਨ ਦੇ ਕੋਲ ਦੋ ਲੋਕਲ ਰੇਲ ਗੱਡੀਆਂ ਦੀ ਆਪਸ ਵਿੱਚ ਟੱਕਰ ਹੋ ਗਈ। ਰਾਹਤ ਦੀ ਗੱਲ ਇਹ ਰਹੀ ਕਿ ਦੋਵਾਂ ਰੇਲ ਗੱਡੀਆਂ ਦੀ ਰਫ਼ਤਾਰ ਹੌਲੀ ਸੀ ਜਿਸ ਦੇ ਕਾਰਨ ਇੱਕ ਵੱਡਾ ਹਾਦਸਾ ਹੋ ਤੋਂ ਟਲ ਗਿਆ ਅਤੇ ਇਸ ਦੌਰਾਨ ਕਿਸੇ ਤਰ੍ਹਾਂ ਦਾ ਜਾਨ-ਮਾਲ ਦਾ ਨੁਕਸਾਨ ਨਹੀਂ ਹੋਇਆ।
ਰੇਲ ਗੱਡੀ ਦੇ ਵਿੱਚ ਸਵਾਰ ਸਾਰੇ ਮੁਸਾਫਰ ਅਤੇ ਟਰੇਨ ਦਾ ਡਰਾਇਵਰ ਸੁਰੱਖਿਅਤ ਹਨ। ਉੱਧਰ ਇਸ ਘਟਨਾ ਤੋਂ ਬਾਅਦ ਲੋਕਲ ਟ੍ਰੇਨ ਦੇ ਯਾਤਰੀਆਂ ਅਤੇ ਸਿਆਲਦਹ ਸਟੇਸ਼ਨ ਉੱਤੇ ਹਫੜਾ-ਦਫੜੀ ਮਚ ਗਈ। ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਸਿਆਲਦਹ ਦੇ ਡੀਆਰਐੱਮ ਐੱਸਪੀ ਸਿੰਘ ਸਣੇ ਰੇਲਵੇ ਦੇ ਸੀਨੀਅਰ ਅਧਿਕਾਰੀ ਮੌਕੇ ’ਤੇ ਪਹੁੰਚ ਗਏ।
ਇਸ ਹਾਦਸੇ ਨੂੰ ਲੈ ਕੇ ਇਹ ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਇੱਕ ਖ਼ਾਲੀ ਲੋਕਲ ਟ੍ਰੇਨ ਸਿਆਲਦਹ ਸਟੇਸ਼ਨ ਤੋਂ ਕਾਰਸ਼ੈੱਡ ਵੱਲ ਜਾ ਰਹੀ ਸੀ ਅਤੇ ਦੂਜੇ ਪਾਸਿਓਂ ਅਪ ਰਾਣਾਘਾਟ ਲੋਕਲ ਸਟੇਸ਼ਨ ਵੱਲ ਆ ਰਹੀ ਸੀ ਜਿਸ ਦੇ ਵਿੱਚ ਵੱਡੀ ਗਿਣਤੀ ਵਿੱਚ ਯਾਤਰੀ ਸਵਾਰ ਸਨ। ਦੋਵਾਂ ਟ੍ਰੇਨਾਂ ਕਾਰਸ਼ੈੱਡ ’ਚ ਨਾਲ-ਨਾਲ ਲਾਈਨਾਂ ’ਤੇ ਚੱਲ ਰਹੀਆਂ ਸਨ। ਇਸ ਦੇ ਦੌਰਾਨ ਅਚਾਨਕ ਰਾਣਾਘਾਟ ਲੋਕਲ ਟ੍ਰੇਨ ਦਾ ਇੱਕ ਪਹੀਆ ਪਟੜੀ ਤੋਂ ਉੱਤਰ ਕੇ ਸਾਈਡ ਲਾਈਨ ਵੱਲ ਵੱਧ ਗਿਆ ਜਿਸ ਨਾਲ ਉਹ ਖ਼ਾਲੀ ਟ੍ਰੇਨ ਨਾਲ ਟਕਰਾ ਗਿਆ।
ਰੇਲਵੇ ਵਿਭਾਗ ਦੀ ਮੁੱਢਲੀ ਜਾਂਚ ਦੇ ਵਿੱਚ ਲੋਕੋਪਾਇਲਟ ਦੀ ਲਾਪਰਵਾਹੀ ਸਾਹਮਣੇ ਆਈ ਹੈ। ਰੇਲਵੇ ਵਿਭਾਗ ਨੇ ਇਸ ਘਟਨਾ ਦੀ ਜਾਂਚ ਕਰਨ ਦੇ ਨਿਰਦੇਸ਼ ਜਾਰੀ ਕਰ ਦਿੱਤੇ ਹਨ ਅਤੇ ਇੱਕ ਕਮੇਟੀ ਦਾ ਵੀ ਗਠਨ ਕੀਤਾ ਹੈ। ਇਸ ਦੇ ਨਾਲ ਹੀ ਲੋਕੋਪਾਇਲਟ ਨੂੰ ਵੀ ਮੁਅੱਤਲ ਕਰ ਦਿੱਤਾ ਗਿਆ ਹੈ।
ਅਚਾਨਕ ਵਾਪਰੇ ਇਸ ਹਾਦਸੇ ਤੋਂ ਬਾਅਦ ਸਿਆਲਦਹ ਮੇਨ ਲਾਈਨ ’ਤੇ ਟ੍ਰੇਨ ਸੇਵਾਵਾਂ ਪ੍ਰਭਾਵਿਤ ਹੋ ਗਈਆਂ। ਰੇਲ ਗੱਡੀਆਂ ਦੇ ਵਿਚਾਲੇ ਟੱਕਰ ਗੋਣ ਤੋਂ ਬਾਅਦ 18 ਲੋਕਲ ਟ੍ਰੇਨਾਂ ਨੂੰ ਰੱਦ ਕਰਨਾ ਪਿਆ। ਇਸ ਦੇ ਨਾਲ ਹੀ ਕਈ ਟ੍ਰੇਨਾਂ ਵੱਖ-ਵੱਖ ਸਟੇਸ਼ਨਾਂ ’ਤੇ ਅਤੇ ਰਸਤੇ ’ਚ ਹੀ ਕਈ ਘੰਟੇ ਰੁਕੀਆਂ ਰਹੀਆਂ। ਹਾਦਸੇ ਤੋਂ ਤਕਰੀਬਨ ਚਾਰ ਘੰਟੇ ਬਾਅਦ ਰੇਲ ਸੇਵਾ ਮੁੜ ਬਹਾਲ ਕੀਤੀ ਗਈ।