‘ਦ ਖ਼ਾਲਸ ਬਿਊਰੋ : ਵਾਰਿਸ ਪੰਜਾਬ ਦੇ ਜਥੇਬੰਦੀ ਦੇ ਨੌਜਵਾਨ ਲੀਡਰ ਅੰਮ੍ਰਿਤਪਾਲ ਸਿੰਘ ਨੇ ਆਪਣੇ ਜਥੇ ਦੇ ਸਿੰਘ ਵਰਿੰਦਰ ਸਿੰਘ ਫ਼ੌਜੀ ਦੀ ਗ੍ਰਿਫਤਾਰੀ ਨੂੰ ਨਾਜਾਇਜ਼ ਦੱਸਿਆ ਹੈ। ਪੱਟੀ ਥਾਣੇ ਵਿੱਚ ਫ਼ੌਜੀ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ, ਜਿਸ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਥਾਣਾ ਸਦਰ ਪੱਟੀ ਜ਼ਿਲ੍ਹਾ ਤਰਨਤਾਰਨ ਦੇ ਬਾਹਰ ਪਹੁੰਚੇ ਅਤੇ ਸਾਰੀ ਘਟਨਾ ਬਾਰੇ ਖੁਦ ਜਾਣਕਾਰੀ ਦਿੱਤੀ। ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਕੋਈ ਹੋਰ ਗੁਰਭੇਜ ਸਿੰਘ ਹੈ ਅਤੇ ਉਸਦੇ ਪਿਉ ਦਾ ਨਾਮ ਵੀ ਵੱਖਰਾ ਹੈ। ਪ੍ਰਸ਼ਾਸਨ ਨੇ ਇਹ ਵੇਖਣਾ ਵੀ ਜ਼ਰੂਰੀ ਨਹੀਂ ਸਮਝਿਆ ਕਿ ਉਹਦੇ ਲਾਇਸੈਂਸ ਨੂੰ ਰੱਦ ਕਰਵਾਉਣ ਲਈ ਐੱਫਆਈਆਰ ਦੀ ਕਾਪੀ ਨਾਲ ਲਾ ਰਹੇ ਹਨ, ਉਹ ਐੱਫਆਈਆਰ ਹੀ ਕੋਈ ਹੋਰ ਹੈ ਅਤੇ ਬੰਦਾ ਵੀ ਕੋਈ ਹੋਰ ਹੈ।
ਇਹ ਸਾਡਾ ਦੂਜਾ ਸਿੰਘ ਹੈ, ਜੋ ਆਪਣੇ ਘਰ ਪਰਿਵਾਰ ਨੂੰ ਮਿਲਣ ਲਈ ਆਇਆ ਸੀ। ਉਸ ਨੂੰ ਸਵੇਰੇ ਇੱਕ ਦੋਸ਼ੀ ਦੀ ਤਰ੍ਹਾਂ ਕਦੇ ਕਿਸੇ ਥਾਣੇ ਅਤੇ ਕਦੇ ਕਿਸੇ ਥਾਣੇ ਲਿਜਾਇਆ ਜਾ ਰਿਹਾ ਹੈ। ਪਰਚੇ ਵਿੱਚ ਇਹ ਲਿਖਿਆ ਹੈ ਕਿ ਸਾਨੂੰ ਸੂਹ ਮਿਲੀ ਹੈ ਕਿ ਉਸ ਕੋਲੋਂ ਨਾਜਾਇਜ਼ ਅਸਲਾ ਬਰਾਮਦ ਹੋਇਆ ਹੈ। ਜਦੋਂ ਉਹਦੇ ਕੋਲ ਗਏ ਹਨ, ਤਾਂ ਉਸ ਕੋਲੋਂ ਸਿਰਫ਼ ਇੱਕ ਗੰਨ ਬਰਾਮਦ ਹੋਈ ਹੈ, ਜੋ ਪੂਰੀ ਤਰ੍ਹਾਂ ਕਾਨੂੰਨੀ ਹੈ। ਇਸ ਸਭ ਦੇ ਬਾਵਜੂਦ ਵੀ ਉਸਨੂੰ ਕੋਰਟ ਵਿੱਚ ਪੇਸ਼ ਕੀਤਾ ਗਿਆ ਅਤੇ ਉਸਦਾ ਰਿਮਾਂਡ ਮੰਗਣ ਦੀ ਵੀ ਕੋਸ਼ਿਸ਼ ਕੀਤੀ ਗਈ, ਜੋ ਪੁਲਿਸ ਨੂੰ ਨਹੀਂ ਮਿਲਿਆ।
ਅੰਮ੍ਰਿਤਪਾਲ ਨੇ ਹਕੂਮਤ ਨੂੰ ਸਵਾਲ ਕੀਤਾ ਕਿ ਉਹ ਕਿਹੜੇ ਰਾਹ ਤੁਰਨਾ ਚਾਹੁੰਦੀ ਹੈ। ਜਿਨ੍ਹਾਂ ਨਾਲ ਸਾਡਾ ਮੱਥਾ ਲੱਗਾ ਹੈ, ਅਸੀਂ ਨਸ਼ੇ ਦੇ ਖਿਲਾਫ਼ ਪ੍ਰਚਾਰ ਸ਼ੁਰੂ ਕੀਤਾ ਹੈ, ਉਹ ਸਾਡੇ ਵੈਰੀ ਬਣ ਗਏ ਹਨ। ਉਨ੍ਹਾਂ ਨੇ ਸਾਨੂੰ ਮਾਰਨ ਦੀ ਪੂਰੀ ਕੋਸ਼ਿਸ਼ ਕਰਨੀ ਹੈ, ਉਸ ਤੋਂ ਬਚਣਾ ਸਾਡੀ ਜ਼ਿੰਮੇਵਾਰੀ ਹੈ। ਜੋ ਨਸ਼ਾ ਬੰਦ ਕਰਾ ਰਹੇ ਹਨ, ਹਕੂਮਤ ਉਸ ਖਿਲਾਫ਼ ਭੁਗਤ ਰਹੀ ਹੈ। ਜੇ ਸਾਡੇ ਜਥੇ ਦੇ ਕਿਸੇ ਸਿੰਘ ਨਾਲ ਗੱਲ ਕਰਨੀ ਹੈ ਤਾਂ ਜਥੇ ਵਿੱਚ ਆ ਕੇ ਗੱਲ ਕੀਤੀ ਜਾਵੇ। ਅਸੀਂ ਜੋ ਕਰ ਰਹੇ ਹਾਂ, ਸਭ ਦੇ ਸਾਹਮਣੇ ਕਰ ਰਹੇ ਹਨ। ਸਰਕਾਰ ਦਾ ਬੋਝ ਅਸੀਂ ਚੁੱਕ ਰਹੇ ਹਾਂ, ਤੇ ਬੰਦੇ ਵੀ ਸਾਡੇ ਚੁੱਕੇ ਜਾ ਰਹੇ ਹਨ।