‘ਦ ਖ਼ਾਲਸ ਬਿਊਰੋ:- ਅਮਰੀਕਾ ਦੇ ਅਲਾਸਕਾ ਸੂਬੇ ਵਿੱਚ ਦੋ ਜਹਾਜ਼ਾਂ ਦੀ ਹੋਈ ਆਪਸੀ ਭਿਆਨਕ ਟੱਕਰ ‘ਚ ਸੱਤ ਲੋਕਾਂ ਦੀ ਮੌਤ ਹੋ ਗਈ ਹੈ। ਸਵੇਰ ਦੇ ਕਰੀਬ ਸਾਡੇ ਅੱਠ ਵਜੇ ਹਵਾਈ ਅੱਡੇ ਤੋਂ ਉੱਤਰ-ਪੂਰਬ ‘ਚ ਦੋ ਮੀਲ ਦੀ ਦੂਰੀ ‘ਤੇ ਇੱਕ ਇੰਜਣ ਵਾਲੇ ਡੀ ਹੈਵੀਲੈਂਡ ਡੀਐੱਚਸੀ-2 ਬੀਵਰ ਜਹਾਜ਼ ਦੀ ਦੋ ਇੰਜਣ ਵਾਲੇ ਪਾਇਪਰ-ਪੀ12 ਜਹਾਜ਼ ਨਾਲ ਟੱਕਰ ਹੋ ਗਈ। ਇਸ ਹਾਦਸੇ ਵਿੱਚ ਮਾਰੇ ਗਏ ਲੋਕਾਂ ‘ਚ ਰਾਸ਼ਟਰਪਤੀ ਡੌਨਾਲਡ ਟਰੰਪ ਦੀ ਰਿਪਬਲਿਕਨ ਪਾਰਟੀ ਦੇ ਇੱਕ ਸਟੇਟ ਅਸੈਂਬਲੀ ਮੈਂਬਰ ਗੈਰੀ ਨੋਪ ਵੀ ਸ਼ਾਮਲ ਹਨ।
ਐੱਫਏਏ ਅਤੇ ਰਾਸ਼ਟਰੀ ਵਾਹਨ ਸੁਰੱਖਿਆ ਬੋਰਡ ਦੇ ਅਧਿਕਾਰੀ ਇਸ ਦੁਰਘਟਨਾ ਦੀ ਜਾਂਚ ਕਰ ਰਹੇ ਹਨ। ਐੱਨਟੀਐੱਸਬੀ ਅਲਾਸਕਾ ਦੇ ਮੁਖੀ ਕਿਲੰਟ ਜੌਨਸਨ ਮੁਤਾਬਕ ਹਾਦਸਾਗ੍ਰਸਤ ਜਹਾਜ਼ ਦਾ ਮਲਬਾ ਸਟ੍ਰਲਿੰਗ ਹਾਈਵੇਅ ਕੋਲ ਡਿੱਗਿਆ ਹੈ। ਦੋਵੇਂ ਹੀ ਜਹਾਜ਼ਾਂ ਨੇ ਸੋਲਡੋਨਟਾ ਏਅਰਪੋਰਟ ਤੋਂ ਉਡਾਣ ਭਰੀ ਸੀ ਅਤੇ ਏਕੋਰੇਜ ਸ਼ਹਿਰ ਤੋਂ ਕਰੀਬ 150 ਮੀਲ ਦੂਰ ਹਵਾ ‘ਚ ਇਹ ਆਪਸ ‘ਚ ਟਕਰਾ ਗਏ।