ਅੰਮ੍ਰਿਤਸਰ ਵਿੱਚ 30 ਜੁਲਾਈ ਦੀ ਦੁਪਹਿਰ ਨੂੰ ਜੰਡਿਆਲਾ ਨੇੜੇ ਇੱਕ ਭਿਆਨਕ ਹਾਦਸਾ ਵਾਪਰਿਆ, ਜਿਸ ਵਿੱਚ ਇੱਕ ਪੈਟਰੋਲ ਟੈਂਕਰ ਦਾ ਟਾਇਰ ਫਟਣ ਕਾਰਨ ਉਹ ਕੰਟਰੋਲ ਤੋਂ ਬਾਹਰ ਹੋ ਗਿਆ ਅਤੇ ਇੱਕ ਬ੍ਰੇਜ਼ਾ ਕਾਰ ਨਾਲ ਟਕਰਾ ਗਿਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਨੂੰ ਅੱਗ ਲੱਗ ਗਈ, ਅਤੇ ਉਸ ਵਿੱਚ ਸਵਾਰ ਇੱਕ ਮੁਟਿਆਰ ਅਤੇ ਇੱਕ ਨੌਜਵਾਨ ਜ਼ਿੰਦਾ ਸੜ ਗਏ।
ਦੋਵਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਚਸ਼ਮਦੀਦਾਂ ਮੁਤਾਬਕ, ਟੱਕਰ ਤੋਂ ਬਾਅਦ ਕਾਰ ਰੇਲਿੰਗ ਨਾਲ ਟਕਰਾਈ ਅਤੇ ਪੂਰੀ ਤਰ੍ਹਾਂ ਸੜ ਗਈ।ਹਾਦਸੇ ਤੋਂ ਬਾਅਦ ਟੈਂਕਰ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ।
ਫਾਇਰ ਬ੍ਰਿਗੇਡ ਅੱਧੇ ਘੰਟੇ ਬਾਅਦ ਪਹੁੰਚੀ, ਅਤੇ ਫੌਜ ਦੀ ਟੀਮ ਨੇ ਕਾਰ ਕੱਟ ਕੇ ਦੋਵਾਂ ਲਾਸ਼ਾਂ ਨੂੰ ਬਾਹਰ ਕੱਢਿਆ। ਮ੍ਰਿਤਕਾਂ ਦੀ ਪਛਾਣ ਅਜੇ ਨਹੀਂ ਹੋ ਸਕੀ, ਪਰ ਕਾਰ ਦਿੱਲੀ ਦੇ ਨੰਬਰ ‘ਤੇ ਰਜਿਸਟਰਡ ਸੀ ਅਤੇ ‘ਢਿੰਗੜਾ’ ਨਾਮਕ ਵਿਅਕਤੀ ਦੇ ਨਾਮ ‘ਤੇ ਸੀ। ਖਦਸ਼ਾ ਹੈ ਕਿ ਮ੍ਰਿਤਕ ਸੈਲਾਨੀ ਹੋ ਸਕਦੇ ਹਨ।
ਡੀਐਸਪੀ ਜੰਡਿਆਲਾ ਨੇ ਪੁਸ਼ਟੀ ਕੀਤੀ ਕਿ ਟੈਂਕਰ ਹੁੰਦਲ ਪੈਟਰੋਲ ਪੰਪ ਦਾ ਸੀ ਅਤੇ ਜਲੰਧਰ ਤੋਂ ਪੈਟਰੋਲ ਲਿਆ ਰਿਹਾ ਸੀ। ਟਾਇਰ ਫਟਣ ਕਾਰਨ ਟੈਂਕਰ ਪੁਲ ‘ਤੇ ਖੜੀ ਕਾਰ ਨਾਲ ਟਕਰਾ ਗਿਆ, ਜਿਸ ਨਾਲ ਕਾਰ ਰੇਲਿੰਗ ‘ਤੇ ਚੜ੍ਹੀ ਅਤੇ ਅੱਗ ਲੱਗ ਗਈ। ਖੁਸ਼ਕਿਸਮਤੀ ਨਾਲ, ਭਰਿਆ ਹੋਇਆ ਟੈਂਕਰ ਨਹੀਂ ਫਟਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਫਰਾਰ ਡਰਾਈਵਰ ਦੀ ਭਾਲ ਜਾਰੀ ਹੈ।