‘ਦ ਖ਼ਾਲਸ ਬਿਊਰੋ : ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਖ਼ੂਬ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਮੱਛੀ ਦੀ ਇੱਕ ਨਵੀਂ ਪ੍ਰਜਾਤੀ ਨੇ ਸਾਰਿਆਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ। ਦੋ ਮੂੰਹ ਵਾਲੀ ਇੱਕ ਮੱਛੀ ਦਾ ਵੀਡੀਓ ਬਹੁਤ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾ ਹੈ। ਮੱਛੀ ਦੀਆਂ ਚਾਰ ਅੱਖਾਂ ਵੀ ਹਨ। ਇਹ ਮੱਛੀ ਮਛੇਰਿਆਂ ਦੇ ਜਾਲ ਵਿੱਚ ਫਸ ਕੇ ਆਈ ਸੀ। ਲੋਕ ਇਸਨੂੰ ਚਰਨੋਬਲ ਵਾਇਰਸ ਦਾ ਅਸਰ ਦੱਸ ਰਹੇ ਹਨ ਜਦਕਿ ਵਿਗਿਆਨੀਆਂ ਦੀ ਰਾਏ ਕੁਝ ਅਲੱਗ ਹੈ। ਦੋ ਮੂੰਹ ਵਾਲੀ ਮੱਛੀ ਪੂਰੀ ਤਰ੍ਹਾਂ ਸਿਹਤਮੰਦ ਹੈ। ਮੱਛੀ ਵਿੱਚ ਅਜਿਹੇ ਬਦਲਾਅ ਦੀ ਵਜ੍ਹਾ ਲੱਭਣ ਲਈ ਵਿਗਿਆਨੀ ਖੋਜ ਵਿੱਚ ਲੱਗੇ ਹੋਏ ਹਨ।

ਕੁਝ ਲੋਕ ਮੱਛੀ ਦੇ ਇਸ ਰੂਪ ਪਿੱਛੇ ਉਸਦੇ ਅੰਦਰੂਨੀ ਜ਼ਖ਼ਮਾਂ ਨੂੰ ਦੱਸ ਰਹੇ ਹਨ। ਪਰ ਵਿਗਿਆਨੀਆਂ ਨੇ ਲੋਕਾਂ ਦੇ ਇਸ ਤਰਕ ਨੂੰ ਸਿਰੇ ਤੋਂ ਖਾਰਜ ਕਰਦਿਆਂ ਕਿਹਾ ਕਿ ਜੇ ਅਜਿਹਾ ਹੁੰਦਾ ਤਾਂ ਮੱਛੀ ਤੰਦਰੁਸਤ ਨਾ ਹੁੰਦੀ ਅਤੇ ਨਾ ਹੀ ਲੰਮਾ ਚਿਰ ਜਿਊਂਦੀ ਰਹਿ ਪਾਉਂਦੀ। ਦੂਜੇ ਪਾਸੇ ਕਈ ਬੁੱਧੀਮਾਨ ਲੋਕਾਂ ਮੁਤਾਬਕ ਮੱਛੀ ਦਾ ਦੂਸਰਾ ਮੂੰਹ, ਮੂੰਹ ਨਾ ਹੋ ਕੇ ਉਸਦਾ ਨੱਕ ਹੈ। ਜਦਕਿ ਵਿਗਿਆਨੀ ਇਸ ਕੁਦਰਤੀ ਕਰਿਸ਼ਮੇ ਨੂੰ ਲੈ ਕੇ ਬੇਹੱਦ ਦੁਚਿੱਤੀ ਵਿੱਚ ਹਨ।

ਵਿਗਿਆਨੀ ਹਾਲੇ ਇਹ ਦੱਸਣ ਦੀ ਸਥਿਤੀ ਵਿੱਚ ਨਹੀਂ ਹਨ ਕਿ ਇਹ ਮੱਛੀ ਦੀ ਇੱਕ ਅਲੱਗ ਪ੍ਰਜਾਤੀ ਹੈ ਜਾਂ ਫਿਰ ਕੁਦਰਤ ਦਾ ਕਹਿਰ। ਕੁੱਲ ਮਿਲਾ ਕੇ ਦੋ ਮੂੰਹ ਅਤੇ ਚਾਰ ਅੱਖਾਂ ਵਾਲੀ ਮੱਛੀ ਦੇ ਰਾਜ਼ ਤੋਂ ਹਾਲੇ ਹਰ ਕੋਈ ਅਣਜਾਣ ਹੈ। ਵਿਗਿਆਨੀ ਵੀ ਬਿਨਾਂ ਪੂਰੀ ਪੜਤਾਲ ਦੇ ਕੁਝ ਵੀ ਕਹਿਣਾ ਸਹੀ ਨਹੀਂ ਸਮਝ ਰਹੇ।