ਅਮਰੀਕਾ-ਇਜ਼ਰਾਈਲ ਅਤੇ ਇਰਾਨ ਵਿਚਾਲੇ ਜੰਗ ਨੂੰ ਅੱਜ ਪੂਰੇ ਦੋ ਮਹੀਨੇ ਪੂਰੇ ਹੋ ਗਏ ਹਨ। ਫਿਲਹਾਲ ਇੱਕ ਅਸਥਾਈ ਜੰਗਬੰਦੀ ਚੱਲ ਰਹੀ ਹੈ, ਪਰ ਦੋਵਾਂ ਧਿਰਾਂ ਵਿਚਾਲੇ ਸਥਾਈ ਸਮਝੌਤੇ ਲਈ ਗੱਲਬਾਤ ਅਜੇ ਤੱਕ ਸਿਰੇ ਨਹੀਂ ਚੜ੍ਹੀ ਹੈ।
ਸਾਡੇ ਲਈ ਅਜੇ ਵੀ ਜੰਗ ਵਰਗੀ ਸਥਿਤੀ – ਇਰਾਨ
ਇਰਾਨ ਨੇ ਵੱਡਾ ਦਾਅਵਾ ਕੀਤਾ ਹੈ ਕਿ ਉਸ ਲਈ ਮੌਜੂਦਾ ਹਾਲਾਤ ਅਜੇ ਵੀ ਜੰਗ ਵਰਗੇ ਬਣੇ ਹੋਏ ਹਨ। ਈਰਾਨੀ ਫੌਜੀ ਬੁਲਾਰੇ ਨੇ ਕਿਹਾ ਕਿ ਜੰਗ ਅਜੇ ਖਤਮ ਨਹੀਂ ਹੋਈ। ਉਨ੍ਹਾਂ ਨੇ ਇਸ ਨੂੰ ਆਮ ਸਥਿਤੀ ਨਹੀਂ ਮੰਨਿਆ ਅਤੇ ਕਿਹਾ ਕਿ ਫੌਜੀ ਤੇ ਸੁਰੱਖਿਆ ਏਜੰਸੀਆਂ ਹਰ ਗਤੀਵਿਧੀ ਉੱਤੇ ਨਜ਼ਰ ਰੱਖ ਰਹੀਆਂ ਹਨ। ਇਰਾਨ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਦੁਸ਼ਮਣ ਵੱਲੋਂ ਕੋਈ ਨਵੀਂ ਕਾਰਵਾਈ ਹੋਈ ਤਾਂ ਉਸ ਦਾ ਜਵਾਬ ਨਵੀਆਂ ਰਣਨੀਤੀਆਂ, ਨਵੇਂ ਹਥਿਆਰਾਂ ਅਤੇ ਨਵੀਆਂ ਲੜਾਈਆਂ ਨਾਲ ਦਿੱਤਾ ਜਾਵੇਗਾ।
ਅਮਰੀਕਾ ਖ਼ਿਲਾਫ਼ ਸੰਯੁਕਤ ਰਾਸ਼ਟਰ ਪਹੁੰਚਿਆ ਇਰਾਨ
ਇਰਾਨ ਨੇ ਸੰਯੁਕਤ ਰਾਸ਼ਟਰ ਵਿੱਚ ਅਮਰੀਕਾ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਹੈ। ਉਸ ਨੇ ਅਮਰੀਕਾ ਉੱਤੇ ਇਰਾਨੀ ਜਹਾਜ਼ਾਂ ਨੂੰ ਜ਼ਬਤ ਕਰਕੇ “ਸਮੁੰਦਰੀ ਡਾਕੈਤੀ” ਕਰਨ ਦਾ ਗੰਭੀਰ ਇਲਜ਼ਾਮ ਲਗਾਇਆ ਹੈ।
ਟਰੰਪ ਨੇ ਪੇਸ਼ਕਸ਼ ਠੁਕਰਾਈ
ਗੱਲਬਾਤ ਦੇ ਮਾਮਲੇ ਵਿੱਚ ਇਰਾਨ ਨੇ ਅਮਰੀਕਾ ਨੂੰ ਹੋਰਮੁਜ਼ ਜਲਡਮਰੂ ਖੋਲ੍ਹਣ ਅਤੇ ਜਹਾਜ਼ਾਂ ਦੀ ਆਵਾਜਾਈ ਮੁੜ ਤੋਂ ਸ਼ੁਰੂ ਕਰਨ ਦਾ ਪ੍ਰਸਤਾਵ ਦਿੱਤਾ ਸੀ, ਤਾਂ ਜੋ ਪ੍ਰਮਾਣੂ ਮੁੱਦੇ ਉੱਤੇ ਗੱਲਬਾਤ ਆਗੇ ਵਧਾਈ ਜਾ ਸਕੇ। ਪਰ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਪੇਸ਼ਕਸ਼ ਨੂੰ ਠੁਕਰਾ ਦਿੱਤਾ ਹੈ।
ਈਰਾਨੀ ਵਿਦੇਸ਼ ਮੰਤਰੀ ਤੀਜੀ ਵਾਰ ਪਾਕਿਸਤਾਨ ਪਹੁੰਚੇ
ਇਰਾਨੀ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਰੂਸ ਦਾ ਦੌਰਾ ਪੂਰਾ ਕਰਨ ਤੋਂ ਬਾਅਦ ਮੰਗਲਵਾਰ ਸਵੇਰੇ ਇਸਲਾਮਾਬਾਦ ਪਹੁੰਚੇ। ਪਿਛਲੇ 48 ਘੰਟਿਆਂ ਵਿੱਚ ਇਹ ਉਨ੍ਹਾਂ ਦਾ ਪਾਕਿਸਤਾਨ ਦਾ ਤੀਜਾ ਦੌਰਾ ਹੈ। ਇਰਾਨ ਡਿਪਲੋਮੈਟਿਕ ਤੌਰ ਤੇ ਸਰਗਰਮੀ ਨਾਲ ਗੱਲਬਾਤ ਚਲਾ ਰਿਹਾ ਹੈ।
ਜੰਗ ਕਾਰਨ ਦੇਸ਼ ਵਿੱਚ 10 ਲੱਖ ਨੌਕਰੀਆਂ ਖਤਮ – ਇਰਾਨ ਸਰਕਾਰ
ਜੰਗ ਕਾਰਨ ਇਰਾਨੀ ਆਰਥਿਕਤਾ ਉੱਤੇ ਵੱਡਾ ਅਸਰ ਪਿਆ ਹੈ। ਈਰਾਨੀ ਸਰਕਾਰ ਨੇ ਦੱਸਿਆ ਕਿ ਯੁੱਧ ਕਾਰਨ ਸਿੱਧੇ ਤੌਰ ਤੇ ਘੱਟੋ-ਘੱਟ 10 ਲੱਖ ਨੌਕਰੀਆਂ ਖਤਮ ਹੋ ਚੁੱਕੀਆਂ ਹਨ ਅਤੇ ਭਵਿੱਖ ਵਿੱਚ ਇੱਕ ਕਰੋੜ ਤੋਂ ਵੱਧ ਨੌਕਰੀਆਂ ਖ਼ਤਰੇ ਵਿੱਚ ਹਨ।
ਕੱਚੇ ਤਾਲ ਦੀਆਂ ਕੀਮਤਾਂ ਚ ਲਗਾਤਾਰ ਵਾਧਾ
ਦੂਜੇ ਪਾਸੇ ਤੇਲ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਮੰਗਲਵਾਰ ਨੂੰ ਲਗਾਤਾਰ ਸੱਤਵੇਂ ਦਿਨ ਬ੍ਰੈਂਟ ਕੱਚੇ ਤੇਲ ਦੀਆਂ ਕੀਮਤਾਂ ਪ੍ਰਤੀ ਬੈਰਲ 110 ਡਾਲਰ ਤੋਂ ਉੱਪਰ ਚਲੀਆਂ ਗਈਆਂ ਹਨ।
ਦੋਵਾਂ ਧਿਰਾਂ ਵਿਚਾਲੇ ਮੁੱਖ ਵਿਵਾਦਾਂ ਵਿੱਚ ਇਰਾਨ ਦਾ ਪ੍ਰਮਾਣੂ ਪ੍ਰੋਗਰਾਮ, ਯੂਰੇਨੀਅਮ ਭੰਡਾਰ, ਹੋਰਮੁਜ਼ ਜਲਡਮਰੂ ਦੀ ਨਾਕਾਬੰਦੀ, ਅਮਰੀਕਾ ਵੱਲੋਂ ਲਗਾਈਆਂ ਆਰਥਿਕ ਪਾਬੰਦੀਆਂ ਅਤੇ ਜੰਗ ਵਿੱਚ ਹੋਏ ਨੁਕਸਾਨ ਲਈ ਮੁਆਵਜ਼ਾ ਸ਼ਾਮਲ ਹਨ।
ਅਮਰੀਕਾ ਇਰਾਨ ਤੋਂ ਆਪਣਾ ਪ੍ਰਮਾਣੂ ਪ੍ਰੋਗਰਾਮ ਪੂਰੀ ਤਰ੍ਹਾਂ ਛੱਡਣ ਅਤੇ 400 ਕਿਲੋਗ੍ਰਾਮ ਅਮੀਰ ਯੂਰੇਨੀਅਮ ਟ੍ਰਾਂਸਫਰ ਕਰਨ ਦੀ ਮੰਗ ਕਰ ਰਿਹਾ ਹੈ, ਜਿਸ ਨੂੰ ਇਰਾਨ ਨੇ ਰੱਦ ਕਰ ਦਿੱਤਾ ਹੈ। ਈਰਾਨ ਚਾਹੁੰਦਾ ਹੈ ਕਿ ਪਾਬੰਦੀਆਂ ਹਟਾਈਆਂ ਜਾਣ, ਲਗਭਗ 20 ਬਿਲੀਅਨ ਡਾਲਰ ਦੀ ਜੰਮੀ ਜਾਇਦਾਦ ਵਾਪਸ ਕੀਤੀ ਜਾਵੇ ਅਤੇ ਜੰਗ ਵਿੱਚ ਹੋਏ ਨੁਕਸਾਨ ਲਈ 270 ਬਿਲੀਅਨ ਡਾਲਰ ਦਾ ਮੁਆਵਜ਼ਾ ਦਿੱਤਾ ਜਾਵੇ।

