ਬਿਉਰੋ ਰਿਪੋਰਟ – ਡੇਰਾ ਬਾਬਾ ਨਾਨਕ (DERA BABA NANAK) ਵਿੱਚ ਇੱਕ ਵਪਾਰੀ ਨੂੰ ਗੈਂਗਸਟਰ (GANGSTER) ਨੇ ਪਹਿਲਾਂ ਫੋਨ ’ਤੇ ਧਮਕੀ ਦਿੱਤੀ ਅਤੇ ਫਿਰ ਵਾਰਦਾਤ ਨੂੰ ਕੁਝ ਹੀ ਘੰਟਿਆਂ ਦੇ ਅੰਦਰ ਅੰਜਾਮ ਵੀ ਦੇ ਦਿੱਤਾ। ਪਿੰਡ ਸ਼ਾਹਪੁਰ ਜਾਜਨ ਵਿੱਚ ਗੈਸ ਏਜੰਸੀ ਦੇ ਮਾਲਕ ਦੇ ਘਰ ਅੱਧੀ ਰਾਤ 2 ਮੋਟਰਸਾਈਕਲ ’ਤੇ ਸਵਾਰ ਬਦਮਾਸ਼ ਆਏ ਅਤੇ ਫਿਰ ਤਾਬੜ-ਤੋੜ ਗੋਲ਼ੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਬਦਮਾਸ਼ਾਂ ਨੇ ਤਕਰੀਬਨ 6 ਰਾਊਂਡ ਗੋਲ਼ੀਆਂ ਚਲਾਈਆਂ ਅਤੇ ਫਿਰ ਫਰਾਰ ਹੋ ਗਏ।
ਦੱਸਿਆ ਜਾ ਰਿਹਾ ਹੈ ਕਿ ਹਮਲੇ ਤੋਂ 24 ਘੰਟੇ ਪਹਿਲਾਂ ਗੈਸ ਏਜੰਸੀ ਦੇ ਮਾਲਿਕ ਨੂੰ ਵਿਦੇਸ਼ੀ ਨੰਬਰ ਤੋਂ ਫ਼ੋਨ ਆਇਆ ਜਿਸ ਵਿੱਚ 1 ਕਰੋੜ ਦੀ ਰੰਗਦਾਰੀ ਮੰਗੀ ਗਈ ਸੀ। ਕਾਲ ਗੈਂਗਸਟਰ ਹੈਰੀ ਚੱਠਾ ਦੇ ਨਾਂ ਤੋਂ ਆਈ ਸੀ। ਏਜੰਸੀ ਦੇ ਮਾਲਿਕ ਦਾ ਪੂਰਾ ਪਰਿਵਾਰ ਇਸ ਵਾਰਦਾਤ ਤੋਂ ਬਾਅਦ ਡਰਿਆ ਹੋਇਆ। ਰਾਤ ਵੇਲੇ ਵਾਰਦਾਤ ਤੋਂ ਬਾਅਦ ਫੌਰਨ ਪੁਲਿਸ ਨੂੰ ਇਤਲਾਹ ਦਿੱਤੀ ਗਈ ਹੈ।
ਪੁਲਿਸ ਮੌਕੇ ’ਤੇ ਪਹੁੰਚ ਕੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਤੋਂ ਸਾਫ ਫੁਟੇਜ ਦੀ ਤਲਾਸ਼ ਕਰ ਰਹੀ ਹੈ। ਕਿਉਂਕਿ ਗੈਂਗਸਟਰਾਂ ਵੱਲੋਂ ਜਿਹੜੀ ਗੋਲ਼ੀ ਚਲਾਉਣ ਦੀ ਹੁਣ ਤੱਕ ਦੀ ਫੁਟੇਜ ਸਾਹਮਣੇ ਆਈ ਹੈ ਉਸ ਵਿੱਚ ਗੋਲੀ ਤੋਂ ਨਿਕਲਣ ਵਾਲਾ ਸਪਾਰਕ ਨਜ਼ਰ ਆ ਰਿਹਾ ਹੈ ਪਰ ਹਮਲਾਵਰਾਂ ਦੇ ਚਿਹਰੇ ਨਜ਼ਰ ਨਹੀਂ ਆ ਰਹੇ।
ਫਿਰੋਜ਼ਪੁਰ ਵਿੱਚ ਟ੍ਰਿਪਲ ਮਰਡਰ, ਫਿਰ ਆੜ੍ਹਤੀ ਨੂੰ ਸ਼ਰ੍ਹੇਆਮ ਗੋਲ਼ੀ ਮਾਰਨਾ, ਖੰਨਾ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਦਾ ਕਤਲ, ਇੱਕ ਤੋਂ ਬਾਅਦ ਇੱਕ ਹੋਰ ਰਹੀਆਂ ਵਾਰਦਾਤਾਂ ਨੇ ਕਾਨੂੰਨੀ ਹਾਲਾਤਾਂ ਨੂੰ ਲੈ ਕੇ ਗੰਭੀਰ ਸਵਾਲ ਖੜੇ ਕੀਤੇ ਹਨ। ਵਿਰੋਧੀ ਧਿਰ ਸਰਕਾਰ ਨੂੰ ਘੇਰ ਰਿਹਾ ਹੈ ਜਦਕਿ ਸੂਬਾ ਸਰਕਾਰ ਵੱਲੋਂ ਬਣਾਈ ਗਈ ਐਂਟੀ ਗੈਂਗਸਟਰ ਟਾਕਸ ਫੋਰਸ ਪਿਛਲੇ ਢਾਈ ਸਾਲ ਦਾ ਰਿਕਾਰਡ ਪੇਸ਼ ਕਰਕੇ ਆਪਣੀ ਪਿੱਠ ਥਾਪੜ ਰਹੀ ਹੈ।
ਅਜਿਹੇ ਵਿੱਚ ਇਹ ਵੱਡਾ ਸਵਾਲ ਇਹ ਹੈ ਕਿ ਵਾਰਦਾਤ ਤੋਂ ਬਾਅਦ ਗੁਨਾਹਗਾਰਾਂ ਨੂੰ ਫੜਨ ਤੋਂ ਚੰਗਾ ਇਹ ਹੋਵੇਗਾ ਗੈਂਗਸਟਰਾਂ ਦੇ ਮਨ ਵਿੱਚ ਅਜਿਹਾ ਖ਼ੌਫ ਪੈਦਾ ਕੀਤਾ ਜਾਵੇਂ ਕਿ ਉਹ ਕਿਸੇ ਵੀ ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ ਦੱਸ ਵਾਰ ਸੋਚਣ ਨੂੰ ਮਜ਼ਬੂਰ ਹੋ ਜਾਣ।