‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦੁਨੀਆ ਵਿੱਚ ਸਿੱਖਾਂ ਦਾ ਦੂਸਰਾ ਸਭ ਤੋਂ ਵੱਡਾ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਅਤੇ ਬਾਲ ਲੀਲਾ ਗੁਰਦੁਆਰਾ ਸਾਹਿਬ ਨੂੰ ਇੱਕ ਰਜਿਸਟਰਡ ਡਾਕ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਕਿਸੇ ਅਣਪਛਾਤੇ ਵਿਅਕਤੀ ਨੇ ਤਖਤ ਸ਼੍ਰੀ ਹਰਿਮੰਦਰ ਜੀ ਪਟਨਾ ਸਾਹਿਬ ਅਤੇ ਗੁਰਦੁਆਰਾ ਬਾਲ ਲੀਲਾ ਸਾਹਿਬ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਹੈ। ਇਸ ਅਣਪਛਾਤੇ ਵਿਅਕਤੀ ਨੇ ਧਮਕੀ ਦਿੰਦਿਆਂ ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਕੋਲੋਂ 50 ਕਰੋੜ ਰੁਪਏ ਦੀ ਫਿਰੌਤੀ ਮੰਗੀ ਹੈ। ਜਾਣਕਾਰੀ ਮੁਤਾਬਕ ਇਹ ਧਮਕੀ ਇੱਕ ਰਜਿਸਟਰਡ ਡਾਕ ਰਾਹੀਂ ਭੇਜੇ ਗਏ ਪੱਤਰ ਵਿੱਚ ਦਿੱਤੀ ਗਈ ਹੈ। ਪੱਤਰ ਮਿਲਣ ‘ਤੇ ਪ੍ਰਬੰਧਕ ਕਮੇਟੀ ਵਿੱਚ ਹਫੜਾ-ਦਫੜੀ ਮਚ ਗਈ ਹੈ।

ਜਾਣਕਾਰੀ ਮੁਤਾਬਕ ਅਣਪਛਾਤੇ ਵਿਅਕਤੀ ਵੱਲੋਂ ਭੇਜੇ ਗਏ ਇਸੇ ਲਿਫਾਫੇ ਵਿੱਚ ਇੱਕ ਹੋਰ ਚਿੱਠੀ ਵੀ ਮਿਲੀ, ਜਿਸ ਵਿੱਚ ਮਾਰਵਾੜੀ ਹਾਈ ਸਕੂਲ ਦੇ ਪ੍ਰਿੰਸੀਪਲ ਅਤੇ ਦੋ ਅਧਿਆਪਕਾਂ ਉੱਤੇ ਪੁਰਾਣੇ ਧਾਰਮਿਕ ਗ੍ਰੰਥਾਂ ਨੂੰ ਸਾੜਨ, ਵੇਚਣ ਅਤੇ ਨਸ਼ਟ ਕਰਨ ਦਾ ਦੋਸ਼ ਲਾਇਆ ਗਿਆ ਹੈ। ਜਾਣਕਾਰੀ ਅਨੁਸਾਰ ਸ਼ਰਾਰਤੀ ਤੱਤਾਂ ਵੱਲੋਂ ਇਹ ਪੱਤਰ ਭੇਜਿਆ ਗਿਆ ਹੈ। ਪ੍ਰਬੰਧਕੀ ਕਮੇਟੀ ਦੇ ਜਨਰਲ ਸੱਕਤਰ ਮਹਿੰਦਰਪਾਲ ਸਿੰਘ ਢਿੱਲੋਂ ਨੇ ਬਿਹਾਰ ਦੇ ਡੀਜੀਪੀ ਨੂੰ ਇਸ ਸਬੰਧ ਵਿੱਚ ਇੱਕ ਪੱਤਰ ਭੇਜ ਕੇ ਉਕਤ ਦੋਸ਼ੀ ਵਿਅਕਤੀ ‘ਤੇ ਕਾਰਵਾਈ ਕਰਨ ਦੀ ਬੇਨਤੀ ਕੀਤੀ ਹੈ। ਇਲਾਕੇ ਦੇ ਪੂਰਬੀ ਐੱਸਪੀ ਜੀਤੇਂਦਰ ਕੁਮਾਰ ਨੇ ਦੱਸਿਆ ਕਿ ਸਮੁੱਚੇ ਮਾਮਲੇ ਦੀ ਪੂਰੀ ਜਾਂਚ ਤੋਂ ਬਾਅਦ ਦੋਸ਼ੀ ਦੀ ਭਾਲ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਸਾਰੇ ਇਸ ਧਮਕੀ ਤੋਂ ਘਬਰਾ ਗਏ ਹਨ। ਸੱਕਤਰ ਜਨਰਲ ਨੇ ਕਿਹਾ ਕਿ ਦੋਵੇਂ ਪੋਸਟਾਂ ਨੂੰ ਵੇਖਣ ‘ਤੇ ਇਸ ਤਰ੍ਹਾਂ ਲੱਗਦਾ ਹੈ ਕਿ ਦੋਵੇਂ ਪੋਸਟਾਂ ਇੱਕੋ ਹੀ ਵਿਅਕਤੀ ਵੱਲੋਂ ਭੇਜੀਆਂ ਗਈਆਂ ਹਨ।

Leave a Reply

Your email address will not be published. Required fields are marked *