‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਬਹਿਬਲ ਕਲਾਂ ਵਿੱਚ ਪਿਛਲੇ ਲੰਮੇ ਸਮੇਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ ਉੱਤੇ ਇਨਸਾਫ਼ ਦੇ ਲਈ ਮੋਰਚਾ ਲੱਗਾ ਹੋਇਆ ਹੈ। ਮੋਰਚੇ ਦੀ ਅਗਵਾਈ ਕਰ ਰਹੇ ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ ਨਿਆਮੀਵਾਲਾ ਦੇ ਸਪੁੱਤਰ ਸੁਖਰਾਜ ਸਿੰਘ ਨਿਆਮੀਵਾਲਾ ਦੇ ਸੱਦੇ ਉੱਤੇ ਅੱਜ ਉੱਥੇ ਵੱਡਾ ਇਕੱਠ ਹੋਇਆ ਹੈ, ਜਿਸ ਵਿੱਚ ਵੱਖ ਵੱਖ ਸਿੱਖ ਜਥੇਬੰਦੀਆਂ, ਕਿਸਾਨ ਜਥੇਬੰਦੀਆਂ ਅਤੇ ਹੋਰ ਆਗੂ ਪਹੁੰਚੇ। ਅੱਜ ਮੋਰਚੇ ਵੱਲੋਂ ਸਰਕਾਰ ਨੂੰ ਇਨਸਾਫ਼ ਦੇ ਲਈ ਦਿੱਤਾ ਹੋਇਆ ਸਮਾਂ ਪੂਰਾ ਹੋ ਗਿਆ ਹੈ ਪਰ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਅਗਲੀ ਰਣਨੀਤੀ ਘੜਨ ਦੇ ਲਈ ਅੱਜ ਇਹ ਇਕੱਤਰਤਾ ਕੀਤੀ ਗਈ ਹੈ।
ਮੋਰਚੇ ਦੀ ਅਗਵਾਈ ਕਰ ਰਹੇ ਭਾਈ ਸੁਖਰਾਜ ਸਿੰਘ ਨਿਆਮੀਵਾਲਾ ਨੇ ਅਗਲਾ ਪ੍ਰੋਗਰਾਮ ਦਿੰਦਿਆਂ ਕਿਹਾ ਕਿ 1 ਸਤੰਬਰ 2022 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਆ ਰਿਹਾ ਹੈ। ਇਸ ਲਈ ਇਸ ਧਰਨੇ ਵਾਲੀ ਥਾਂ ਉੱਤੇ ਉਸ ਦਿਨ ਲੰਮੇ ਲੰਮੇ ਜਾਮ ਲੱਗੇ ਹੋਣੇ ਚਾਹੀਦੇ ਹਨ। ਨਿਆਮੀਵਾਲਾ ਨੇ ਸਾਰਿਆਂ ਨੂੰ 1 ਸਤੰਬਰ ਨੂੰ ਬਹਿਬਲ ਕਲਾਂ ਵਿਖੇ ਮੋਰਚੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਣ ਦੀ ਅਪੀਲ ਕੀਤੀ ਹੈ। ਨਿਆਮੀਵਾਲਾ ਨੇ ਕਿਹਾ ਕਿ ਸਰਕਾਰ ਵੱਲੋਂ ਮੰਗੇ ਗਏ 24 ਘੰਟੇ ਕਹਿ ਕੇ 3600 ਘੰਟੇ ਟੱਪ ਗਏ ਹਨ ਪਰ ਹਾਲੇ ਤੱਕ ਇੱਕ ਵੀ ਅਜਿਹੀ ਦਲੀਲ ਜਾਂ ਬਿਆਨ ਨਹੀਂ ਆਇਆ ਜਿਸ ਨਾਲ ਭਰੋਸਾ ਹੋ ਸਕੇ ਕਿ ਬੇਅਦਬੀ ਦਾ ਇਨਸਾਫ਼ ਮਿਲੇ।
21 ਅਗਸਤ ਨੂੰ ਜਲੰਧਰ ਦੇ ਭੋਗਪੁਰ ਵਿੱਚ ਬੇਅਦਬੀ ਇਜਲਾਸ ਵੀ ਸੱਦਿਆ ਗਿਆ ਹੈ। ਗੁਰਦੁਆਰਾ ਗੁਰੂ ਨਾਨਕ ਯਾਦਗਾਰ, ਲੁਹਾਰਾ ਚਾਹੜਕੇ ਰੋਡ, ਭੋਗਪੁਰ ਵਿਖੇ ਇਹ ਇਜਲਾਸ ਸਵੇਰੇ 11 ਤੋਂ ਤਿੰਨ ਵਜੇ ਤੱਕ ਹੋਵੇਗਾ। ਸਾਰੀ ਸੰਗਤ ਨੂੰ ਇਸ ਇਜਲਾਸ ਵਿੱਚ ਪਹੁੰਚਣ ਦਾ ਸੱਦਾ ਦਿੱਤਾ ਗਿਆ ਹੈ। ਭੋਗਪੁਰ ਵਿੱਚ ਥਾਣੇ ਦੇ ਸਾਹਮਣੇ ਬਣੇ ਗੁਰਦੁਆਰਾ ਅਕਾਲਗੜ੍ਹ ਸਾਹਿਬ ਵਿੱਚ ਇੱਕ ਦੁਸ਼ਟ ਨੇ ਸੇਵਾਦਾਰਾਂ ਦੀ ਪੰਜ ਮਿੰਟ ਦੀ ਅਣਗਹਿਲੀ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰ ਦਿੱਤੀ ਸੀ।