Punjab

ਲੁਧਿਆਣਾ ’ਚ ਤੜਕੇ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ, ਦੋ ਕਾਬੂ

ਲੁਧਿਆਣਾ ਵਿੱਚ ਅੱਜ ਸਵੇਰੇ 3.30 ਵਜੇ ਦੇ ਕਰੀਬ ਪੁਲਿਸ ਤੇ ਅਪਰਾਧੀਆਂ ਵਿਚਕਾਰ ਮੁਕਾਬਲਾ ਹੋਇਆ। ਇਸ ਦੌਰਾਨ ਪੁਲਿਸ ਨੇ ਅਪਰਾਧੀਆਂ ’ਤੇ ਗੋਲ਼ੀਆਂ ਚਲਾਈਆਂ ਜੋ ਦੋ ਨੌਜਵਾਨਾਂ ਦੀਆਂ ਲੱਤਾਂ ’ਚ ਲੱਗੀਆਂ। ਪੁਲਿਸ ਨੇ ਦੋਵਾਂ ਨੂੰ ਕਾਬੂ ਕਰ ਲਿਆ ਹੈ। ਪੁਲਿਸ ਨੇ ਜ਼ਖ਼ਮੀ ਮੁਲਜ਼ਮ ਜਵਾਨਾਂ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ ’ਚ ਦਾਖ਼ਲ ਕਰਵਾਇਆ ਹੈ। ਦੋਵਾਂ ਮੁਲਜ਼ਮਾਂ ਦੀ ਪਛਾਣ ਰਵਿੰਦਰ ਸਿੰਘ ਵਾਸੀ ਪ੍ਰਤਾਪ ਸਿੰਘ ਵਾਲਾ ਅਤੇ ਸਤਿੰਦਰ ਸਿੰਘ ਵਾਸੀ ਹੈਦਰ ਐਨਕਲੇਵ ਵਜੋਂ ਹੋਈ ਹੈ।

ਫਿਲਹਾਲ ਕਿਸੇ ਅਧਿਕਾਰੀ ਨੇ ਇਸ ਦੀ ਅਧਿਕਾਰਿਤ ਪੁਸ਼ਟੀ ਨਹੀਂ ਕੀਤੀ ਹੈ। ਪੁਲਿਸ ਸੂਤਰਾਂ ਮੁਤਾਬਕ ਥਾਣਾ ਹੈਬੋਵਾਲ ਪੁਲਿਸ ਨੂੰ ਕਿਸੇ ਮੁਖ਼ਬਰ ਤੋਂ ਸੂਚਨਾ ਮਿਲੀ ਸੀ ਕਿ ਕਤਲ ਦੀ ਕੋਸ਼ਿਸ਼ ਦੇ ਦੋ ਮੁਲਜ਼ਮ ਰਾਮ ਐਨਕਲੇਵ ਵਿੱਚ ਲੁਕੇ ਹੋਏ ਹਨ। ਜਦੋਂ ਪੁਲਿਸ ਨੇ ਛਾਪਾ ਮਾਰਿਆ ਤਾਂ ਪੁਲਿਸ ਨੂੰ ਦੇਖ ਕੇ ਅਪਰਾਧੀਆਂ ਨੇ ਆਪਣੇ ਟਿਕਾਣੇ ਬਦਲਣੇ ਸ਼ੁਰੂ ਕਰ ਦਿੱਤੇ। ਪੁਲਿਸ ਨੇ ਅਪਰਾਧੀਆਂ ਨੂੰ ਘੇਰ ਲਿਆ ਅਤੇ ਉਨ੍ਹਾਂ ਨੂੰ ਆਤਮ ਸਮਰਪਣ ਕਰਨ ਲਈ ਕਿਹਾ ਪਰ ਉਨ੍ਹਾਂ ਨੇ ਪੁਲਿਸ ’ਤੇ ਗੋਲ਼ੀਆਂ ਚਲਾ ਦਿੱਤੀਆਂ। ਫਿਰ ਪੁਲਿਸ ਨੇ ਜਵਾਬੀ ਕਾਰਵਾਈ ਕਰਦਿਆਂ ਅਪਰਾਧੀਆਂ ‘ਤੇ ਗੋਲੀਬਾਰੀ ਕੀਤੀ ਅਤੇ ਉਨ੍ਹਾਂ ਨੂੰ ਕਾਬੂ ਕਰ ਲਿਆ।

ਦਰਅਸਲ ਪਿਛਲੇ ਦਿਨੀਂ ਲੁਧਿਆਣਾ ਦੇ ਹੈਬੋਵਾਲ ਇਲਾਕੇ ਵਿੱਚ ਬਾਈਕਰ ਗੈਂਗ ਨੇ ਚੰਦਰ ਨਗਰ ਵਿੱਚ ਇੱਕ ਵਿਅਕਤੀ ਉੱਪਰ ਹਮਲਾ ਕੀਤਾ ਸੀ। ਜਿਸ ਮਾਮਲੇ ਦੇ ਵਿੱਚ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਸੀ। ਮਾਮਲੇ ’ਚ ਮੁਲਜ਼ਮ ਉੱਪਰ ਪੁਲਿਸ ਵੱਲੋਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਪੁਲਿਸ ਨੂੰ ਸੂਚਨਾ ਮਿਲੀ ਸੀ ਕੁਝ ਮੁਲਜ਼ਮ ਹੈਬੋਵਾਲ ਦੇ ਇੱਕ ਇਲਾਕੇ ਵਿੱਚ ਲੁਕੇ ਹੋਏ ਨੇ ਜਿਸ ਤੇ ਪੁਲਿਸ ਨੇ ਛਾਪੇਮਾਰੀ ਕੀਤੀ।

ਇਹ ਵੀ ਪੜ੍ਹੋ – ਬੇਅਦਬੀ ਮਾਮਲੇ ’ਚ ਸੌਦਾ ਸਾਧ ਨੂੰ ਵੱਡਾ ਝਟਕਾ! ਮੁੱਖ ਮੁਲਜ਼ਮ ਬਣੇਗਾ ਸਰਕਾਰੀ ਗਵਾਹ!