ਗੁਆਂਢੀ ਮੁਲਕ ਪਾਕਿਸਤਾਨ ਦੇ ਸੂਬਾ ਸਿੰਧ ਵਿੱਚ ਘੱਟ ਗਿਣਤੀ ਹਿੰਦੂ ਭਾਈਚਾਰੇ ਦੀਆਂ 3 ਲੜਕੀਆਂ ਬਾਰੇ ਬੜੀ ਚਿੰਤਾਜਨਕ ਖ਼ਬਰ ਸਾਹਮਣੇ ਆਈ ਹੈ। ਇੱਥੇ ਦੋ ਨਾਬਾਲਗ ਬੱਚੀਆਂ ਦਾ ਕਥਿਤ ਤੌਰ ’ਤੇ ਪਹਿਲਾਂ ਜਬਰਨ ਧਰਮ ਪਰਿਵਰਨ ਕਰਵਾਇਆ ਗਿਆ ਤੇ ਫਿਰ ਗ਼ੈਰ-ਧਰਮ ਵਿੱਚ ਉਨ੍ਹਾਂ ਦਾ ਨਿਕਾਹ ਕਰਵਾ ਦਿੱਤਾ ਗਿਆ। ਤੀਸਰੀ ਇੱਕ ਹੋਰ ਹਿੰਦੂ ਲੜਕੀ ਦੀ ਹਸਪਤਾਲ ਵਿੱਚ ਡਾਕਟਰਾਂ ਦੀ ਲਾਪਰਵਾਹੀ ਕਰਕੇ ਮੌਤ ਹੋ ਗਈ ਹੈ।
ਜਾਣਕਾਰੀ ਮੁਤਾਬਕ ਸੂਬਾ ਸਿੰਧ ਦੇ ਜ਼ਿਲ੍ਹਾ ਟਾਡੋ ਮੁਹੰਮਦ ਖ਼ਾਨ ਦੇ ਪਿੰਡ ਹਾਜੀ ਮੁਹੰਮਦ ਸਲਾਹ ਨਿਜ਼ਾਮੀ ਦੇ ਬਾਘੁ ਕੋਲਹੀ ਦੀ ਧੀ ਮਾਇਆ ਕੋਲਹੀ ਦਾ ਜ਼ਿਲ੍ਹਾ ਉਮਰਕੋਟ ਦੀ ਤਹਿਸੀਲ ਸਾਮਰੋ ਦੀ ਦਰਗਾਹ ਗੁਲਜ਼ਾਰ-ਏ-ਖਲੀਲ ਦੇ ਪੀਰ ਆਗ਼ਾ ਜਾਨ ਸਰਹੰਦੀ ਨੇ ਧਰਮ ਪਰਿਵਰਤਨ ਕਰਵਾਇਆ।
ਇਸ ਬਾਰੇ ਇੱਕ ਵੀਡੀਓ ਵੀ ਜਾਰੀ ਕੀਤੀ ਗਈ ਹੈ। ਇਸ ਵੀਡੀਓ ਵਿੱਚ ਮੌਲਵੀ ਕਹਿ ਰਿਹਾ ਹੈ ਕਿ ਉਹ ਅਦਾਲਤ ਵਿੱਚ ਆਪਣੀ ਉਮਰ 16 ਸਾਲ ਨਹੀਂ ਬਲਕਿ 18 ਸਾਲ ਦੱਸੇਗੀ। ਜਾਣਕਾਰੀ ਅਨੁਸਾਰ ਮੀਰਪੁਰ ਖ਼ਾਸ ਦੀ ਅਦਾਲਤ ’ਚ ਲੜਕੀ ਨੂੰ ਪੇਸ਼ ਕਰਨ ਉਪਰੰਤ ਉਸ ਦਾ ਆਬਿਦ ਅਲੀ ਪੁੱਤਰ ਮੁਹੰਮਦ ਰਮਜ਼ਾਨ ਨਾਲ ਨਿਕਾਹ ਕਰਵਾਇਆ ਗਿਆ।
ਇਹੋ ਜਿਹਾ ਹੀ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਸਿੰਧ ਦੇ ਲਿਆਰੀ ਦੇ ਪ੍ਰੇਮ ਕੁਮਾਰ ਦੀ ਧੀ ਪੂਜਾ ਕੁਮਾਰੀ (14 ਸਾਲ) ਦਾ ਜ਼ਿਲ੍ਹਾ ਘੋਟਕੀ ਦੀ ਤਹਿਸੀਲ ਡਹਿਰਕੀ ਦੀ ਦਰਗਾਹ-ਏ-ਆਲੀਆ ਬਰਚੂੰਡੀ ਸ਼ਰੀਫ਼ ਵਿਖੇ ਪੀਰ ਮੀਆਂ ਮਿੱਠੂ ਵਲੋਂ ਧਰਮ ਪਰਿਵਰਤਨ ਕਰਵਾਇਆ ਗਿਆ ਤੇ ਫਿਰ ਰਹੀਮ ਕੁਮਾਰੀ ਯਾਰ ਖ਼ਾਨ ਸ਼ਹਿਰ ਦੇ ਵਿਆਜ਼ ਅਲੀ ਨਾਲ ਨਿਕਾਹ ਕਰਵਾ ਦਿੱਤਾ ਗਿਆ।
ਇਸ ਸਭ ਤੋਂ ਇਲਾਵਾ ਜ਼ਿਲ੍ਹਾ ਸੰਘਰ ਦੇ ਜ਼ਾਮ ਨਵਾਜ਼ ਅਲੀ ਰੂਰਲ ਹਸਪਤਾਲ ਵਿੱਚ ਡਾਕਟਰ ਦੀ ਲਾਪਰਵਾਹੀ ਨਾਲ ਗ਼ਲਤ ਟੀਕਾ ਲਗਾਏ ਜਾਣ ਕਰਕੇ ਆਸ਼ਾ ਮੇਘਵਾਰ ਦੀ ਮੌਤ ਹੋ ਗਈ। ਪੁਲਿਸ ਦੇ ਹਸਪਤਾਲ ਵਿੱਚ ਪਹੁੰਚਣ ਤੋਂ ਪਹਿਲਾਂ ਡਾਕਟਰ ਵੀ ਉੱਥੋਂ ਫਰਾਰ ਹੋ ਗਏ ਸਨ। ਹਾਲੇ ਤਕ ਉਨ੍ਹਾਂ ਦਾ ਕੁਝ ਪਤਾ ਨਹੀਂ ਲੱਗ ਸਕਿਆ।