India

ਬੰਗਲੌਰ ‘ਚ ਹਵਾ ‘ਚ ਟਕਰਾਅ ਤੋਂ ਬਚੀਆਂ ਦੋ ਉਡਾਣਾਂ ਦੀ ਹੋਵੇਗੀ ਜਾਂਚ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ (DGCA) ਦੇ ਮੁਖੀ ਅਰੁਣ ਕੁਮਾਰ ਨੇ ਅੱਜ ਕਿਹਾ ਕਿ ਇੰਡੀਗੋ ਏਅਰਲਾਈਨਜ਼ ਦੀਆਂ ਦੋ ਉਡਾਣਾਂ 7 ਜਨਵਰੀ ਨੂੰ ਬੈਂਗਲੁਰੂ ਦੇ ਕੇਮਪੇਗੌੜਾ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣ ਭਰਨ ਵੇਲੇ ਟਕਰਾਅ ਤੋਂ ਬਚ ਗਈਆਂ ਸਨ। ਉਨ੍ਹਾਂ ਨੇ ਦੱਸਿਆ ਕਿ ਕੋਲਕਾਤਾ ਜਾ ਰਹੀ 6E455 ਅਤੇ ਭੁਵਨੇਸ਼ਵਰ ਜਾ ਰਹੀ ਇੰਡੀਗੋ ਫਲਾਈਟ 6E246 ਇਸ ਘਟਨਾ ਵਿੱਚ ਸ਼ਾਮਲ ਸਨ।

ਰਾਡਾਰ ਕੰਟਰੋਲਰ ਨੇ ਕਮੀ ਦਾ ਪਤਾ ਲਗਾਉਂਦਿਆ ਪਾਇਲਟਾਂ ਨੂੰ ਸੂਚਿਤ ਕੀਤਾ ਸੀ, ਜਿਸ ਵਿੱਚ ਸਾਰੇ ਯਾਤਰੀ ਅਤੇ ਚਾਲਕ ਦਲ ਸੁਰੱਖਿਅਤ ਬਚ ਗਏ ਸਨ। ਅਰੁਣ ਕੁਮਾਰ ਨੇ ਇਸ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ ਅਤੇ ਇਸ ਕੁਤਾਹੀ ਲਈ ਜ਼ਿੰਮੇਵਾਰਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਹੈ। ਬੈਂਗਲੁਰੂ ਹਵਾਈ ਅੱਡੇ ਦੇ ਨਾਲ ਲੱਗਦੀ ਹਵਾਈ ਪੱਟੀ ਤੋਂ ਦੋ ਜਹਾਜ਼ਾਂ ਨੇ ਇੱਕੋ ਦਿਸ਼ਾ ਵਿੱਚ ਉਡਾਣ ਭਰੀ ਸੀ, ਜਿਸ ਕਾਰਨ ਦੋਵੇਂ ਜਹਾਜ਼ ਹਵਾ ਵਿੱਚ ਟਕਰਾ ਸਕਦੇ ਸਨ, ਪਰ ਸਮਝਦਾਰੀ ਨਾਲ ਹਾਦਸਾ ਟਲ ਗਿਆ।