ਅੰਮ੍ਰਿਤਸਰ : ਪੰਜਾਬ ਪੁਲਿਸ ਨੇ ਫਰਾਂਸ ਤੋਂ ਵਾਪਸ ਆਈ ਡੌਂਕੀ ਫਲਾਈਟ ਵਿੱਚ ਸਵਾਰ ਅੰਮ੍ਰਿਤਸਰ ਦੇ 12 ਨੌਜਵਾਨਾਂ ਨੂੰ ਬੁਲਾ ਕੇ ਪੁੱਛਗਿੱਛ ਕੀਤੀ ਹੈ। ਇਨ੍ਹਾਂ ਨੌਜਵਾਨਾਂ ਵਿੱਚੋਂ ਸਿਰਫ਼ 2 ਨੇ ਹੀ ਆਪਣੇ ਬਿਆਨ ਦਰਜ ਕਰਵਾਏ ਹਨ ਜਦਕਿ ਬਾਕੀ 10 ਨੇ ਆਪਣੇ ਬਿਆਨ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਦੋਵਾਂ ਨੌਜਵਾਨਾਂ ਦੇ ਬਿਆਨਾਂ ਦੇ ਆਧਾਰ ‘ਤੇ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਅਜਨਾਲਾ ਅਤੇ ਮਹਿਤਾ ਥਾਣਿਆਂ ‘ਚ ਐੱਫ.ਆਈ.ਆਰ. ਦਰਜ ਕੀਤੀ ਹੈ।
ਇਨ੍ਹਾਂ ਦੋਵਾਂ ਮਾਮਲਿਆਂ ਵਿੱਚ ਪੁਲਿਸ ਨੇ ਤਰਸੇਮ ਸਿੰਘ ਵਾਸੀ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਨ੍ਹਾਂ ਦੋਵਾਂ ਮਾਮਲਿਆਂ ਵਿੱਚ ਸ਼ਿਕਾਇਤਕਰਤਾ ਪਿੰਡ ਤਲਵੰਡੀ ਦੇ ਕੰਵਰਮਨ ਸਿੰਘ ਅਤੇ ਦਮਨਪ੍ਰੀਤ ਸਿੰਘ ਪਿੰਡ ਬੁੱਟਰ ਹਨ। ਪੁਲਿਸ ਨੇ ਤਰਸੇਮ ਸਿੰਘ ਖ਼ਿਲਾਫ਼ ਧਾਰਾ 420 ਧੋਖਾਧੜੀ, 120-ਬੀ ਸਾਜ਼ਿਸ਼ ਅਤੇ ਧਾਰਾ 13 ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਟਰੀ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ।
ਭਾਸਕਰ ਦੀ ਰਿਪੋਰਟ ਮੁਤਾਬਕ ਜਾਂਚ ਕਰ ਰਹੇ ਇਕ ਅਧਿਕਾਰੀ ਨੇ ਨਾਂ ਨਾ ਛਪਣ ਦੀ ਸ਼ਰਤ ‘ਤੇ ਦੱਸਿਆ ਕਿ ਟਰੈਵਲ ਏਜੰਟ ਹੁਣ ਇਨ੍ਹਾਂ ਪੀੜਤਾਂ ਨੂੰ ਪੈਸੇ ਵਾਪਸ ਕਰਨ ਦੇ ਵਾਅਦੇ ਨਾਲ ਭਰਮਾ ਰਹੇ ਹਨ। ਜਿਸ ਤੋਂ ਬਾਅਦ 10 ਦੇ ਕਰੀਬ ਪੀੜਤ ਨੌਜਵਾਨਾਂ ਨੇ ਪੁਲਿਸ ਦੇ ਸਾਹਮਣੇ ਮੂੰਹ ਖੋਲ੍ਹਣ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਨੂੰ ਡਰ ਹੈ ਕਿ ਜੇਕਰ ਉਨ੍ਹਾਂ ਨੇ ਮੂੰਹ ਖੋਲ੍ਹਿਆ ਤਾਂ ਉਨ੍ਹਾਂ ਦੇ ਪੈਸੇ ਮਰ ਜਾਣਗੇ। ਜਾਂਚ ਵਿੱਚ ਸਾਹਮਣੇ ਆਇਆ ਕਿ ਏਜੰਟ ਨੇ ਹਰੇਕ ਵਿਅਕਤੀ ਤੋਂ 25 ਤੋਂ 45 ਲੱਖ ਰੁਪਏ ਲਏ ਸਨ। ਇੰਨੀ ਵੱਡੀ ਰਕਮ ਗੁਆਉਣ ਦੇ ਡਰ ਕਾਰਨ ਪੀੜਤ ਕੁਝ ਵੀ ਕਹਿਣ ਨੂੰ ਤਿਆਰ ਨਹੀਂ ਹਨ।
ਦੋ ਪੀੜਤਾਂ ਨੇ ਪੁਲਿਸ ਨੂੰ ਦੱਸਿਆ ਕਿ ਬਟਾਲਾ ਦੇ ਤਰਸੇਮ ਸਿੰਘ ਨੇ ਉਨ੍ਹਾਂ ਨੂੰ ਅਮਰੀਕਾ ਦੇ ਸੁਪਨੇ ਦਿਖਾਏ ਸਨ। ਕੰਵਰਮਨ ਨੇ ਦੱਸਿਆ ਕਿ ਉਸ ਨੂੰ ਪਹਿਲਾਂ ਦੁਬਈ ਭੇਜਿਆ ਗਿਆ ਸੀ। ਇਸ ਤੋਂ ਬਾਅਦ ਸੰਧੂ ਨਾਂ ਦੇ ਵਿਅਕਤੀ ਨੂੰ ਮਿਲਣ ਦੀ ਗੱਲ ਚੱਲੀ। ਜਿਸ ਨੇ ਉਸ ਨੂੰ ਨਿਕਾਰਾਗੁਆ ਲਿਜਾਣ ਦਾ ਪ੍ਰਬੰਧ ਕੀਤਾ। ਉਸ ਨੂੰ ਦੱਸਿਆ ਗਿਆ ਕਿ ਅਮਰੀਕਾ ਜਾਣ ਦਾ ਪਹਿਲਾ ਸਟਾਪ ਇੱਥੇ ਹੋਵੇਗਾ ਅਤੇ ਇੱਥੋਂ ਹੀ ਅਮਰੀਕਾ ਦਾ ਵੀਜ਼ਾ ਦਿੱਤਾ ਜਾਵੇਗਾ।
ਇਸ ਦੌਰਾਨ ਦੂਜੇ ਪੀੜਤ ਦਮਨਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਏਜੰਟ ਨੇ ਉਸ ਨੂੰ ਪੁਰਤਗਾਲ ਜਾਂ ਆਸਟ੍ਰੇਲੀਆ ਭੇਜਣ ਲਈ ਪਹਿਲਾਂ ਵੀ ਉਸ ਦੇ ਪਰਿਵਾਰ ਤੋਂ 11 ਲੱਖ ਰੁਪਏ ਲਏ ਸਨ। ਪਰ ਬਾਅਦ ਵਿੱਚ ਉਸ ਨੇ 42 ਲੱਖ ਰੁਪਏ ਵਿੱਚ ਅਮਰੀਕਾ ਦਾ ਸੁਪਨਾ ਦਿਖਾਇਆ ਗਿਆ। ਉਸ ਦੀ ਫਲਾਈਟ ਨਿਕਾਰਾਗੁਆ ਲਈ ਰਵਾਨਾ ਹੋਈ। 4 ਦਿਨ ਫਰਾਂਸ ਵਿਚ ਰੁਕਿਆ ਅਤੇ ਫਿਰ ਮੁੰਬਈ ਭੇਜ ਦਿੱਤਾ ਗਿਆ।
ਜਾਂਚ ‘ਚ ਪਤਾ ਲੱਗਾ ਹੈ ਕਿ ਲੋਕਾਂ ਤੋਂ ਲੱਖਾਂ ਰੁਪਏ ਲਏ ਗਏ ਸਨ। ਇਹ ਪੈਸਾ ਉਨ੍ਹਾਂ ਨੂੰ ਦੱਖਣੀ ਅਮਰੀਕਾ ਤੋਂ ਅਮਰੀਕਾ ਦੀ ਦੱਖਣੀ ਸਰਹੱਦ ਤੱਕ ਪਹੁੰਚਾਉਣ ਵਿਚ ਮਦਦ ਦੇ ਨਾਂ ‘ਤੇ ਇਕੱਠਾ ਕੀਤਾ ਗਿਆ ਸੀ। ਪੁੱਛਗਿਛ ਕੀਤੀ ਜਾ ਰਹੀ ਹੈ ਕਿ ਇਹ ਲੋਕ ਏਜੰਟਾਂ ਦੇ ਸੰਪਰਕ ਵਿਚ ਕਿਵੇਂ ਆਏ ਅਤੇ ਨਿਕਾਰਾਗੁਆ ਪਹੁੰਚਣ ਤੋਂ ਬਾਅਦ ਉਨ੍ਹਾਂ ਦੀ ਕੀ ਯੋਜਨਾ ਸੀ।
ਦਰਅਸਲ, 21 ਦਸੰਬਰ ਨੂੰ ਏਅਰਬੱਸ ਏ-340 ਜਹਾਜ਼ 276 ਯਾਤਰੀਆਂ ਨੂੰ ਲੈ ਕੇ ਨਿਕਾਰਾਗੁਆ ਜਾ ਰਿਹਾ ਸੀ। ਜਦੋਂ ਇਹ ਫਰਾਂਸ ਵਿਚ ਈਂਧਨ ਭਰਨ ਲਈ ਰੁਕਿਆ ਤਾਂ ਉੱਥੋਂ ਦੇ ਅਧਿਕਾਰੀਆਂ ਨੇ ਮਨੁੱਖੀ ਤਸਕਰੀ ਦੇ ਸ਼ੱਕ ਵਿਚ ਫਲਾਈਟ ਨੂੰ ਚਾਰ ਦਿਨਾਂ ਲਈ ਹਿਰਾਸਤ ਵਿਚ ਰੱਖਿਆ। ਇਹ ਫਲਾਈਟ 26 ਦਸੰਬਰ ਦੀ ਸਵੇਰ ਨੂੰ ਮੁੰਬਈ, ਭਾਰਤ ਵਿੱਚ ਉਤਰੀ ਸੀ, ਜਿਸ ਵਿੱਚ 200 ਦੇ ਕਰੀਬ ਪੰਜਾਬੀ ਅਤੇ 66 ਦੇ ਕਰੀਬ ਗੁਜਰਾਤੀ ਸਨ।