‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਟੋਹਾਣਾ ਵਿੱਚ ਕੱਲ੍ਹ ਦੇਰ ਰਾਤ ਦੋ ਕਿਸਾਨਾਂ ਵਿਕਾਸ ਸੀਸਰ ਅਤੇ ਰਵੀ ਆਜ਼ਾਦ ਨੂੰ ਜ਼ਮਾਨਤ ਦਿੱਤੀ ਗਈ ਹੈ। ਦੋਵੇਂ ਕਿਸਾਨਾਂ ਦੇ ਰਿਹਾਅ ਹੋਣ ਤੋਂ ਬਾਅਦ ਵੀ ਕਿਸਾਨਾਂ ਦਾ ਜੇਲ੍ਹ ਦੇ ਬਾਹਰ ਧਰਨਾ ਜਾਰੀ ਹੈ ਅਤੇ ਵਿਕਾਸ ਸਿਸਰ ਅਤੇ ਰਵੀ ਆਜ਼ਾਦ ਵੀ ਰਿਹਾਅ ਹੋਣ ਤੋਂ ਬਾਅਦ ਕਿਸਾਨਾਂ ਦੇ ਧਰਨੇ ਵਿੱਚ ਸ਼ਾਮਿਲ ਹੋਏ। ਕਿਸਾਨ ਧਰਨਾ ਖਤਮ ਕਰਨ ਨੂੰ ਲੈ ਕੇ ਅੱਜ ਮੀਟਿੰਗ ਕਰਕੇ ਕੋਈ ਫੈਸਲਾ ਲੈਣਗੇ। ਅੱਜ ਕਿਸਾਨਾਂ ਨੇ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤੱਕ ਹਰਿਆਣਾ ਦੇ ਸਾਰੇ ਥਾਣਿਆਂ ਦਾ ਘਿਰਾਓ ਕਰਨ ਲਈ ਸੱਦਾ ਦਿੱਤਾ ਹੈ।
ਹਾਲਾਂਕਿ, ਨੇੜਲੇ ਜ਼ਿਲ੍ਹੇ ਸਿਰਸਾ, ਫਤਿਆਬਾਦ, ਜੀਂਦ ਅਤੇ ਹਿਸਾਰ ਦੇ ਕਿਸਾਨਾਂ ਨੂੰ ਟੋਹਾਣਾ ਪਹੁੰਚਣ ਦਾ ਸੱਦਾ ਦਿੱਤਾ ਗਿਆ ਹੈ। ਪ੍ਰਦਰਸ਼ਨ ਵਿੱਚ ਹਰਿਆਣਾ ਦੇ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ, ਰਾਕੇਸ਼ ਟਿਕੈਤ, ਯੋਗੇਂਦਰ ਯਾਦਵ, ਯੁੱਧਵੀਰ ਸਿੰਘ, ਜੋਗਿੰਦਰ ਨੈਨ, ਸੁਰੇਸ਼ ਕੋਠ ਅਤੇ ਹੋਰ ਕਈ ਕਿਸਾਨ ਲੀਡਰ ਸ਼ਾਮਲ ਹਨ। ਹਾਲਾਂਕਿ, ਗੁਰਨਾਮ ਸਿੰਘ ਚੜੂਨੀ ਕੱਲ੍ਹ ਸ਼ੰਭੂ ਬਾਰਡਰ ਤੋਂ ਕਿਸਾਨਾਂ ਦਾ ਵੱਡਾ ਕਾਫਲਾ ਲੈ ਕੇ ਦਿੱਲੀ ਨੂੰ ਰਵਾਨਾ ਹੋਏ ਸਨ।