ਚੰਡੀਗੜ੍ਹ ਦੇ ਖੁੱਡਾ ਲਾਹੌਰਾ ਦੀ ਪਾਰਕ ਤੋਂ ਦੋ ਲਾਸ਼ਾਂ ਮਿਲਣ ਦੀ ਖ਼ਬਰ ਸਾਹਮਣੇ ਆਈ ਹੈ। ਖੁੱਡਾ ਲਾਹੌਰਾ ਨੇੜੇ ਬੌਟੈਨਿਕਲ ਗਾਰਡਨ ਦੇ ਸਾਹਮਣੇ ਜੰਗਲੀ ਖੇਤਰ ਵਿੱਚ ਸ਼ਨੀਵਾਰ ਸ਼ਾਮ ਨੂੰ ਇੱਕ ਲੜਕੇ ਅਤੇ ਇੱਕ ਲੜਕੀ ਦੀਆਂ ਲਾਸ਼ਾਂ ਇੱਕ ਦਰੱਖਤ ਨਾਲ ਲਟਕਦੀਆਂ ਮਿਲੀਆਂ ਹਨ। ਕਿਸੇ ਰਾਹਗੀਰ ਨੇ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਦੋਵਾਂ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ। ਇਸ ਦੇ ਨਾਲ ਹੀ ਮੋਬਾਈਲ ਫੋਰੈਂਸਿਕ ਟੀਮ ਨੇ ਵੀ ਮੌਕੇ ਤੋਂ ਸੈਂਪਲ ਲਏ। ਦੋਵੇਂ ਮ੍ਰਿਤਕਾਂ ਦੀ ਪਛਾਣ ਕਰ ਲਈ ਗਈ ਹੈ। ਦੋਵੇਂ ਸਾਰੰਗਪੁਰ ਦੇ ਰਹਿਣ ਵਾਲੇ ਹਨ। ਮੌਤ ਦੇ ਕਾਰਨਾਂ ਦਾ ਹਾਲੇ ਤੱਕ ਖੁਲਾਸਾ ਨਹੀਂ ਹੋਇਆ ਹਾਲਾਂਕਿ ਪੁਲਿਸ ਜਾਂਚ ਵਿੱਚ ਜੁੱਟੀ ਹੋਈ ਹੈ।
ਮੌਕੇ ਦੀ ਵੀਡੀਓਗ੍ਰਾਫੀ ਵੀ ਕੀਤੀ ਗਈ
ਦੋਵਾਂ ਮ੍ਰਿਤਕਾਂ ਦੇ ਵਾਰਸਾਂ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ਾਂ ਦੀ ਸ਼ਨਾਖਤ ਕੀਤੀ। ਮੌਕੇ ’ਤੇ ਪੁੱਜੇ ਡੀਐਸਪੀ ਗੁਰਮੁੱਖ ਸਿੰਘ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਬੌਟੈਨੀਕਲ ਗਾਰਡਨ ਨੇੜੇ ਇੱਕ ਲੜਕੇ ਅਤੇ ਲੜਕੀ ਦੀਆਂ ਲਾਸ਼ਾਂ ਇੱਕ ਦਰੱਖਤ ਨਾਲ ਲਟਕਦੀਆਂ ਮਿਲੀਆਂ ਹਨ। ਘਟਨਾ ਦੀ ਵੀਡੀਓਗ੍ਰਾਫੀ ਕਰਵਾਈ ਗਈ ਹੈ। ਉਨ੍ਹਾਂ ਦੱਸਿਆ ਕਿ ਦੋਵੇਂ ਮ੍ਰਿਤਕ ਸਾਰੰਗਪੁਰ ਦੇ ਰਹਿਣ ਵਾਲੇ ਹਨ। ਪੁਲਿਸ ਮਾਮਲੇ ਦੀ ਕਾਰਵਾਈ ਵਿੱਚ ਜੁਟੀ ਹੋਈ ਹੈ। ਜਾਣਕਾਰੀ ਮੁਤਾਬਿਕ ਮ੍ਰਿਤਕ ਨੌਜਵਾਨ ਖਿਲਾਫ ਲੜਕੀ ਨੂੰ ਅਗਵਾ ਕਰਨ ਦਾ ਮਾਮਲਾ ਵੀ ਦਰਜ ਹੈ।
ਖੁਦਕੁਸ਼ੀ ਨੋਟ ਨਹੀਂ ਮਿਲਿਆ
ਪੁਲਿਸ ਨੇ ਦੱਸਿਆ ਕਿ ਮੌਕੇ ਤੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ। ਪੁਲਿਸ ਮ੍ਰਿਤਕ ਦੇ ਵਾਰਸਾਂ ਦੇ ਬਿਆਨ ਦਰਜ ਕਰਨ ਵਿੱਚ ਲੱਗੀ ਹੋਈ ਹੈ। ਡੀਐਸਪੀ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਉਮਰ 24 ਤੋਂ 25 ਸਾਲ ਜਾਪਦੀ ਹੈ। ਜਦੋਂਕਿ ਮ੍ਰਿਤਕ ਲੜਕੀ ਦੀ ਉਮਰ ਘੱਟ ਹੈ। ਮ੍ਰਿਤਕ ਦੇ ਪਰਿਵਾਰ ਦੇ ਇੱਕ ਜਾਣਕਾਰ ਨੌਜਵਾਨ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੋ ਦਿਨ ਪਹਿਲਾਂ ਹੀ ਮ੍ਰਿਤਕ ਲੜਕੀ ਦੇ ਨਾਲ ਫ਼ਰਾਰ ਹੋ ਗਿਆ ਸੀ। ਮ੍ਰਿਤਕ ਪ੍ਰਾਈਵੇਟ ਨੌਕਰੀ ਕਰਦਾ ਸੀ। ਇਸ ਦੇ ਨਾਲ ਹੀ ਮ੍ਰਿਤਕ ਨੌਜਵਾਨ ਸ਼ਾਦੀਸ਼ੁਦਾ ਦੱਸਿਆ ਜਾਂਦਾ ਹੈ ਅਤੇ ਉਸ ਦਾ ਇੱਕ ਬੱਚਾ ਵੀ ਹੈ।
ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕੀ ਇਹ ਖੁਦਕੁਸ਼ੀ ਦਾ ਮਾਮਲਾ ਹੈ ਜਾਂ ਕਿਸੇ ਨੇ ਦੋਵਾਂ ਦਾ ਕਤਲ ਕਰਕੇ ਫਾਹਾ ਲਗਾਇਆ ਹੈ। ਫਿਲਹਾਲ ਮੌਤ ਦੇ ਕਾਰਨਾਂ ਦਾ ਪਤਾ ਪੋਸਟਮਾਰਟਮ ਤੋਂ ਬਾਅਦ ਹੀ ਲੱਗੇਗਾ। ਫਿਲਹਾਲ ਪੁਲਿਸ ਇਸ ਸਾਰੀ ਘਟਨਾ ਦੀ ਜਾਂਚ ਕਰ ਰਹੀ ਹੈ।ਸਾਰੰਗਪੁਰ ਥਾਣੇ ਦੇ ਐਸਐਚਓ ਰੋਹਿਤ ਕੁਮਾਰ ਨੇ ਦੱਸਿਆ ਕਿ ਪੁਲਿਸ ਨੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।