Punjab

ਇੱਕ ਭਰਾ ਦੇ ਭੋਗ ਤੋਂ ਪਹਿਲਾਂ ਦੂਜੇ ਭਰਾ ਨੇ ਤੋੜਿਆ ਦਮ, ਪਰਿਵਾਰ ‘ਤੇ ਟੁੱਟਿਆ ਦੁੱਖਾਂ ਦਾ ਪਹਾੜ…

Two brothers died due to drug addiction in Tarn Taran

ਤਰਨਤਾਰਨ : ਪੰਜਾਬ ਵਿੱਚ ਵਗ ਰਹੇ ਨਸ਼ਿਆਂ ਦੇ ਛੇਵੇਂ ਦਰਿਆ ਨੇ ਸੂਬੇ ਦੀ ਨੌਜਵਾਨੀ ਨੂੰ ਤਬਾਹ ਕਰ ਦਿੱਤਾ ਹੈ। ਪੰਜਾਬ ਵਿੱਚ ਨਸ਼ਾ ਸਰਾਪ(Drug overdose death) ਬਣਿਆ ਹੋਇਆ ਹੈ। ਲੋਕਾਂ ਦੇ ਘਰ ਉਜੜ ਰਹੇ ਹਨ, ਇਸ ਦੀ ਤਾਜ਼ਾ ਮਿਸਾਲ ਹਲਕਾ ਖਡੂਰ ਸਾਹਿਬ ਦੇ ਪਿੰਡ ਧੁੰਨ ਢਾਏ ਵਾਲਾ ਤੋਂ ਸਾਹਮਣੇ ਆਈ, ਜਿਥੇ ਕਿਸਾਨ ਪਰਿਵਾਰ ਨਾਲ ਸਬੰਧ ਰੱਖਣ ਵਾਲੇ ਦੋ ਭਰਾਵਾਂ ਦੀ ਇੱਕ ਦਿਨ ਦੇ ਵਕਫੇ ਵਿੱਚ ਨਸ਼ੇ ਕਰਕੇ ਮੌਤ(Two brothers died due to drug addiction) ਹੋ ਗਈ।

ਕਿਸਾਨ ਪਰਿਵਾਰ ਦੇ ਵੱਡੇ ਪੁੱਤਰ ਅੰਗਰੇਜ਼ ਸਿੰਘ (23) ਦੀ ਬੀਤੇ ਵੀਰਵਾਰ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ ਸੀ। ਅੰਗਰੇਜ਼ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਅਖੰਡ ਪਾਠ ਦਾ ਭੋਗ ਭਲਕੇ ਸ਼ਨਿਚਰਵਾਰ ਨੂੰ ਪਾਇਆ ਜਾਣਾ ਸੀ, ਪਰ ਇਸ ਤੋਂ ਪਹਿਲਾਂ ਹੀ ਅੱਜ ਪਰਿਵਾਰ ਦੇ ਛੋਟੇ ਪੁੱਤਰ ਗੁਰਮੇਲ ਸਿੰਘ (21) ਦੀ ਵੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। ਮੁਖਤਿਆਰ ਸਿੰਘ ਦੇ ਦੋਵੇਂ ਪੁੱਤਰ ਅੰਗਰੇਜ਼ ਸਿੰਘ ਤੇ ਗੁਰਮੇਲ ਸਿੰਘ ਗੁਜਰਾਤ ਦੇ ਮੁੰਦਰਾ ਸ਼ਹਿਰ ਵਿੱਚ ਕੰਮ ਕਰਦੇ ਸਨ, ਪਰ ਮਾੜੀ ਸੰਗਤ ਕਰਕੇ ਦੋਵੇਂ ਨਸ਼ੇ ਦੇ ਆਦੀ ਹੋ ਗਏ। ਇਸ ਦੌਰਾਨ ਬੀਤੇ ਵੀਰਵਾਰ ਅੰਗਰੇਜ਼ ਸਿੰਘ ਦੀ ਓਵਰਡੋਜ਼ ਕਾਰਨ ਮੌਤ ਹੋ ਗਈ ਸੀ। ਉਹ ਦੋ ਬੱਚਿਆਂ ਦਾ ਪਿਤਾ ਸੀ।

ਅੰਗਰੇਜ਼ ਸਿੰਘ ਨਮਿੱਤ ਰੱਖੇ ਪਾਠ ਦਾ ਭੋਗ ਹਾਲੇ ਪੈਣਾ ਹੈ, ਪਰ ਇਸ ਤੋਂ ਪਹਿਲਾਂ ਹੀ ਅੱਜ ਬਾਅਦ ਦੁਪਹਿਰ ਚੋਹਲਾ ਸਾਹਿਬ ਵਿਖੇ ਅੰਗਰੇਜ਼ ਦੇ ਛੋਟੇ ਭਰਾ ਗੁਰਮੇਲ ਸਿੰਘ ਦੀ ਵੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। ਗੁਰਮੇਲ ਹਾਲੇ ਦਸ ਮਹੀਨੇ ਪਹਿਲਾਂ ਹੀ ਵਿਆਹਿਆ ਗਿਆ ਸੀ। ਐੱਸਐੱਸਪੀ ਰਣਜੀਤ ਸਿੰਘ ਢਿੱਲੋਂ ਦਾ ਕਹਿਣਾ ਹੈ ਕਿ ਮ੍ਰਿਤਕਾਂ ਤੇ ਪਰਿਵਾਰਕ ਮੈਂਬਰਾਂ ਨੂੰ ਇੱਕ ਹੀ ਹਫ਼ਤੇ ਵਿੱਚ ਪਰਿਵਾਰ ਦੇ ਦੋ ਨੌਜਵਾਨਾਂ ਮੁੰਡਿਆਂ ਦੀ ਇੰਜ ਮੌਤ ਹੋਣ ਸਬੰਧੀ ਜਾਂਚ ਕਰਵਾਉਣੀ ਚਾਹੀਦੀ ਸੀ।