Punjab

ਘਰ ‘ਚ ਬਣੀ ਪਾਣੀ ਵਾਲੀ ਟੈਂਕੀ ‘ਚ ਡੁੱਬਣ ਕਾਰਨ ਘਰ ਦੇ ਦੋ ਚਿਰਾਗ ਬੁਝੇ, ਮਾਂ ਦਾ ਰੋ ਰੋ ਹੋਇਆ ਬੁਰਾ ਹਾਲ

Two brothers died due to drowning in a house-made water tank

ਗਰਮੀ ਵਿੱਚ ਬੱਚਿਆਂ ਵੱਲੋਂ ਪਾਣੀ ਵਿੱਚ ਮੌਜ ਮਸਤੀ ਜਾਨ ਉੱਤੇ ਭਾਰੀ ਪੈ ਰਹੀ ਹੈ। ਪਿਛਲੇ ਦਿਨਾਂ ਤੋਂ ਬੱਚਿਆਂ ਦੀ ਪਾਣੀ ਵਿੱਚ ਡੁੱਬਣ ਦੀਆਂ ਖ਼ਬਰਾਂ ਆ ਰਹੀਆਂ ਹਨ। ਹੁਣ ਤਾਜ਼ਾ ਮਾਮਲੇ ਵਿੱਚ ਇੱਕ ਟੈਂਕੀ ਵਿੱਚ ਡੁੱਬਣ ਕਾਰਨ ਦੋ ਮਾਸੂਮਾਂ ਦੀ ਜਾਨ ਚਲੀ ਗਈ ਹੈ। ਇਹ ਘਟਨਾ ਡੱਬਵਾਲੀ ਸ਼ਹਿਰ ਦੇ ਨਜ਼ਦੀਕ ਪੰਜਾਬ ਖੇਤਰ ਦੀ ਕਬੀਰ ਬਸਤੀ ਵਾਰਡ ਨੰ. 6 ਵਿੱਚ ਸਥਿਤ ਇੱਕ ਘਰ ਵਿੱਚ ਬਣੀ ਪਾਣੀ ਵਾਲੀ ਟੈਂਕੀ ਵਿੱਚ ਵਾਪਰੀ ਹੈ।

ਦੋ ਬੱਚਿਆਂ ਦੀ ਮੌਤ ਕਾਰਨ ਪਰਿਵਾਰਕ ਮੈਂਬਰਾਂ ‘ਤੇ ਦੁੱਖ ਦਾ ਪਹਾੜ ਟੁੱਟ ਗਿਆ। ਤਾਰਾਚੰਦ ਦੀ ਮਾਂ ਅਤੇ ਮ੍ਰਿਤਕ ਬੱਚਿਆਂ ਦੇ ਪਿਤਾ ਦਾ ਰੋ-ਰੋ ਕੇ ਬੁਰਾ ਹਾਲ ਸੀ। ਮੰਡੀ ਕਿੱਲਿਆਂਵਾਲੀ ਦੇ ਇੱਕ ਪਰਿਵਾਰ ਦੇ ਦੋ ਬੱਚਿਆਂ ਦੀ ਪਾਣੀ ਵਾਲੀ ਡਿੱਗੀ ’ਚ ਡਿੱਗਣ ਕਾਰਨ ਮੌਤ ਹੋ ਗਈ। ਖੇਡਦੇ ਸਮੇਂ ਦੋਵੇਂ ਭਰਾ ਵਿਹੜੇ ’ਚ ਬਣੀ ਡਿੱਗੀ ਵਿੱਚ ਜਾ ਡਿੱਗੇ। ਇਹ ਘਟਨਾ ਕਬੀਰ ਬਸਤੀ ਵਿੱਚ ਬੀਤੇ ਦਿਨ ਦੁਪਹਿਰ ਕਰੀਬ ਢਾਈ-ਤਿੰਨ ਵਜੇ ਵਾਪਰੀ। ਇਸ ਘਟਨਾ ਨਾਲ ਖੇਤਰ ਵਿੱਚ ਸੋਗ ਹੈ।

ਥਾਣਾ ਕਿੱਲਿਆਂਵਾਲੀ ਦੇ ਮੁਖੀ ਇਕਬਾਲ ਸਿੰਘ ਨੇ ਦੱਸਿਆ ਕਿ ਹਲਵਾਈਆਂ ਨਾਲ ਮਿਹਨਤ-ਮਜ਼ਦੂਰੀ ਕਰਦਾ ਤਾਰਾ ਚੰਦ ਅਤੇ ਉਸ ਦਾ ਭਰਾ ਕਬੀਰ ਬਸਤੀ ਵਿੱਚ ਆਪਣੇ ਪਰਿਵਾਰ ਸਣੇ ਰਹਿੰਦੇ ਹਨ। ਤਾਰਾ ਚੰਦ ਦੇ ਤਿੰਨ ਲੜਕੇ ਹਨ, ਜਿਨ੍ਹਾਂ ’ਚੋਂ ਦੋ ਬੰਛੂ (8) ਅਤੇ ਕਾਰਤਿਕ (5) ਵਿਹੜੇ ਵਿੱਚ ਖੇਡ ਰਹੇ ਸਨ।

ਉਨ੍ਹਾਂ ਦੱਸਿਆ ਕਿ ਬੱਚੇ ਖੇਡਦੇ-ਖੇਡਦੇ ਵਿਹੜੇ ਵਿੱਚ ਬਣੀ ਕਰੀਬ 5-6 ਫੁੱਟ ਡੂੰਘੀ ਜ਼ਮੀਨਦੋਜ਼ ਡਿੱਗੀ ’ਤੇ ਰੱਖੇ ਲੋਹੇ ਦੇ ਪੱਤਰੇ ਉਪਰ ਚੜ੍ਹ ਗਏ। ਪੱਤਰਾ ਮਜ਼ਬੂਤ ਨਾ ਹੋਣ ਕਾਰਨ ਬੱਚਿਆਂ ਦਾ ਵਜ਼ਨ ਨਾ ਝੱਲ ਸਕਿਆ ਤੇ ਬੱਚੇ ਪਾਣੀ ਦੀ ਡਿੱਗੀ ਵਿੱਚ ਡਿੱਗ ਗਏ।

ਉਨ੍ਹਾਂ ਦੇ ਪਿਤਾ ਤਾਰਾ ਚੰਦ ਤੇ ਮਾਂ ਕਮਰੇ ਅੰਦਰ ਸੁੱਤੇ ਪਏ ਸਨ, ਜਿਨ੍ਹਾਂ ਨੂੰ ਬੰਛੂ ਤੇ ਕਾਰਤਿਕ ਦੇ ਡਿੱਗਣ ਦਾ ਪਤਾ ਹੀ ਨਹੀਂ ਲੱਗਿਆ। ਉਨ੍ਹਾਂ ਦੱਸਿਆ ਕਿ ਥੋੜ੍ਹੀ ਦੇਰ ਬਾਅਦ ਤਾਰਾ ਚੰਦ ਦੇ ਭਰਾ ਦੀ ਕਰੀਬ ਤਿੰਨ ਸਾਲਾ ਲੜਕੀ ਵਿਹੜੇ ’ਚ ਆਈ, ਜਿਸ ਨੇ ਆਪਣੀ ਮਾਂ ਨੂੰ ਘਟਨਾ ਬਾਰੇ ਦੱਸਿਆ। ਸੂਚਨਾ ਮਿਲਣ ’ਤੇ ਪਰਿਵਾਰ ਅਤੇ ਮੁਹੱਲਾ ਵਾਸੀ ਦੋਵੇਂ ਬੱਚਿਆਂ ਨੂੰ ਡਿੱਗੀ ’ਚੋਂ ਕੱਢ ਕੇ ਸਿਵਲ ਹਸਪਤਾਲ ਡੱਬਵਾਲੀ ਲੈ ਗਏ, ਜਿੱਥੇ ਡਾਕਟਰਾਂ ਨੇ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ।

ਇਕਬਾਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਆਧਾਰ ’ਤੇ ਕਾਰਵਾਈ ਕੀਤੀ ਗਈ ਹੈ। ਮੰਗਲਵਾਰ ਨੂੰ ਬੱਚਿਆਂ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਨਹੀਂ ਹੋ ਸਕਿਆ। ਪੁਲਿਸ ਨੇ ਦੱਸਿਆ ਕਿ ਬੁੱਧਵਾਰ ਸਵੇਰੇ ਪੋਸਟਮਾਰਟਮ ਕਰਵਾ ਕੇ ਲਾਸ਼ਾਂ ਵਾਰਸਾਂ ਨੂੰ ਸੌਂਪ ਦਿੱਤੀਆਂ ਜਾਣਗੀਆਂ।