Punjab

ਪੰਜਾਬ ਦੇ ਮੁੱਖ ਮੰਤਰੀ ਦੇ ਸਿੱਖਿਆ ਖੇਤਰ ਨੂੰ ਲੈ ਕੇ ਦੋ ਵੱਡੇ ਫ਼ੈਸਲੇ…

Two big decisions of the Chief Minister of Punjab regarding the education sector

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ‘ਅਧਿਆਪਕ ਦਿਵਸ’ ਮੌਕੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ। ਚਾਰ ਸ਼੍ਰੇਣੀਆਂ ਤਹਿਤ ਸਨਮਾਨਿਤ ਕੀਤੇ ਗਏ 80ਅਧਿਆਪਕਾਂ ਦੀ ਸੂਚੀ ਨੂੰ ਪ੍ਰਵਾਨਗੀ ਦਿੱਤੀ ਗਈ ਸੀ। 54 ਅਧਿਆਪਕਾਂ ਨੂੰ ਸਟੇਟ ਐਵਾਰਡ, 11 ਨੂੰ ਯੁਵਾ ਅਧਿਆਪਕ ਐਵਾਰਡ, 10 ਅਧਿਆਪਕਾਂ ਨੂੰ ਮੈਨੇਜਮੈਂਟ ਐਵਾਰਡ ਅਤੇ 5 ਅਧਿਆਪਕਾਂ ਨੂੰ ਵਿਸ਼ੇਸ਼ ਸਨਮਾਨ ਦਿੱਤੇ ਗਏ ਹਨ।

ਮੁੱਖ ਮੰਤਰੀ ਮਾਨ ਨੇ ਕਿਹਾ ਕਿ ਅੱਜ ਜਿੰਨੇ ਵੀ ਅਧਿਆਪਕਾਂ ਨੂੰ ਸਨਮਾਨ ਮਿਲਿਆ ਹੈ, ਸਾਰੇ ਕਾਬਲ ਸੀ, ਕੋਈ ਵੀ ਸਿਫ਼ਾਰਿਸ਼ੀ ਸਨਮਾਨ ਲਈ ਨਹੀਂ ਚੁਣਿਆ ਗਿਆ। ਅਧਿਆਪਕ ਦਾ ਰਾਹ ਹੀ ਇਮਾਨਦਾਰੀ ਵਾਲਾ ਹੈ। ਬੱਚਿਆਂ ਨੂੰ ਵੀ ਆਪਾਂ ਇਮਾਨਦਾਰੀ ਦਾ ਪਾਠ ਪੜ੍ਹਾਉਣਾ ਹੈ ।

ਮੁੱਖ ਮੰਤਰੀ ਮਾਨ ਨੇ ਐਲਾਨ ਕੀਤਾ ਕਿ ਪੰਜਾਬ ਵਿੱਚ 117 ਸਕੂਲ ਆਫ਼ ਐਮੀਨੈਂਸ ਬਣਨਗੇ। ਪਹਿਲੇ ਸਕੂਲ ਆਫ਼ ਐਮੀਨੈਂਸ ਦਾ ਉਦਘਾਟਨ 13 ਸਤੰਬਰ ਨੂੰ ਅੰਮ੍ਰਿਤਸਰ ਦੇ ਛੇਹਰਟਾ ਵਿਖੇ ਕੀਤਾ ਜਾਵੇਗਾ। ਮਾਨ ਨੇ ਕਿਹਾ ਕਿ 40 ਸਕੂਲ ਆਫ਼ ਐਮੀਨੈਂਸਾਂ ਦੀ ਬਿਲਡਿੰਗਾਂ ਦੀ ਮੁਰੰਮਤ ਲਈ 68 ਕਰੋੜ ਰੁਪਏ ਦੀ ਰਕਮ ਜਾਰੀ ਕੀਤੀ ਗਈ ਹੈ।

ਮਾਨ ਨੇ ਕਿਹਾ ਕਿ ਹਜ਼ਾਰ ਨਵੇਂ ਕਲਾਸ ਰੂਮ ਅਤੇ 10 ਹਜ਼ਾਰ ਕਲਾਸਰੂਮਾਂ ਦੀ ਮੁਰੰਮਤ ਕਰਕੇ ਉਨ੍ਹਾਂ ਨੂੰ ਸ਼ਾਨਦਾਰ ਬਣਾ ਰਹੇ ਹਾਂ। ਕਲਾਸਾਂ ਵਿੱਚ ਡੈਸਕਾਂ ਨੂੰ ਹੁਣ ਯੂ-ਸ਼ੇਪ ਵਾਂਗ ਕਰ ਰਹੇ ਹਾਂ, ਹੁਣ ਕੋਈ ਬੱਚਾ ਕਲਾਸ ਵਿੱਚ ਸਭ ਤੋਂ ਅਖੀਰ ਉੱਤੇ ਬੈਠਾ ਨਹੀਂ ਮਿਲੇਗਾ। ਸਕੂਲਾਂ ਵਿੱਚ ਬਾਥਰੂਮ ਸ਼ਾਨਦਾਰ ਹੋਣਗੇ। ਸਕੂਲਾਂ ਵਿੱਚੋਂ ਤੱਪੜਾਂ ਨੂੰ ਖ਼ਤਮ ਕਰਾਂਗੇ।

ਮੁੱਖ ਮੰਤਰੀ ਮਾਨ ਨੇ ਇੱਕ ਹੋਰ ਵੱਡਾ ਦਾਅਵਾ ਕੀਤਾ ਕਿ ਜਾਪਾਨ ਵਿੱਚ ਇੱਕ ਸਾਇੰਸ ਦਾ ਮੇਲਾ ਹੋ ਰਿਹਾ ਹੈ ਜਿਸ ਵਿੱਚ ਪੂਰੇ ਭਾਰਤ ਵਿੱਚੋਂ 60 ਬੱਚੇ ਜਾਣਗੇ ਜਿਨ੍ਹਾਂ ਵਿੱਚੋਂ ਛੇ ਬੱਚੇ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਸ਼ਾਮਿਲ ਹਨ।

ਇਸ ਮੌਕੇ ਮਾਨ ਨੇ ਕਿਹਾ ਕਿ ਆਪ ਸਰਕਾਰ ਦੇ ਕਾਰਜਕਾਲ ਵਿੱਚ ਇਹ ਦੂਜਾ ਅਧਿਆਪਕ ਦਿਵਸ ਆਇਆ ਹੈ। ਪਿਛਲੀ ਵਾਲ 5 ਸਤੰਬਰ ਨੂੰ ਅਸੀਂ ਕੱਚੇ ਅਧਿਆਪਕਾਂ ਨੂੰ ਪੱਕਾ ਕਰਨ, ਤਨਖ਼ਾਹਾਂ ਵਧਾਉਣ ਦਾ ਐਲਾਨ ਕੀਤਾ ਸੀ ਤਾਂ ਉਸ ਵੇਲੇ ਬਹੁਤ ਸਾਰੇ ਅਧਿਆਪਕ ਮੇਰੇ ਕੋਲ ਆਏ ਕਿ ਅਸੀਂ ਤਾਂ ਇਹ ਦਿਨ ਕਾਲਾ ਦਿਨ ਵਜੋਂ ਮਨਾਉਂਦੇ ਰਹੇ ਹਾਂ ਪਰ ਪਹਿਲੀ ਵਾਰ ਸਾਨੂੰ ਇਹ ਅਧਿਆਪਕ ਦਿਵਸ ਮਨਾ ਕੇ ਖੁਸ਼ੀ ਹੋਈ ਹੈ। ਪਹਿਲਾਂ ਅਧਿਆਪਕ ਮਹੀਨਿਆਂ ਬੱਧੀ ਧਰਨੇ ਦਿੰਦੇ ਸਨ। ਥੋੜਾ ਜਿਹਾ ਸਮਾਂ ਲੱਗ ਗਿਆ ਹੈ ਪਰ 12 ਹਜ਼ਾਰ 710 ਅਧਿਆਪਕ ਇਹੋ ਜਿਹੇ ਹਨ ਜਿਨ੍ਹਾਂ ਦੀਆਂ ਤਨਖਾਹਾਂ ਵਧਾਈਆਂ ਗਈਆਂ ਹਨ।

ਮਾਨ ਨੇ ਦਾਅਵਾ ਕੀਤਾ ਕਿ ਅਧਿਆਪਕਾਂ ਤੋਂ ਕੋਈ ਹੋਰ ਕੰਮ ਨਹੀਂ ਲਿਆ ਜਾਵੇਗਾ, ਸਿਰਫ਼ ਪੜ੍ਹਾਉਣ ਦਾ ਹੀ ਕੰਮ ਲਿਆ ਜਾਵੇਗਾ। ਪਹਿਲਾਂ ਅਧਿਆਪਕਾਂ ਦੀਆਂ ਕਦੇ ਕਿਤੇ ਤੇ ਕਦੇ ਕਿਤੇ ਡਿਊਟੀਆਂ ਲਗਾ ਦਿੱਤੀਆਂ ਜਾਂਦੀਆਂ ਸਨ। ਟਰੰਪ ਦੀ ਪਤਨੀ ਦਿੱਲੀ ਦੇ ਸਰਕਾਰੀ ਸਕੂਲ ਵੇਖ ਕੇ ਖੁਸ਼ ਹੋਈ ਸੀ।

ਮਾਨ ਨੇ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਬੱਚਿਆਂ ਨੂੰ ਕਿਤਾਬਾਂ ਸਮੇਂ ਉੱਤੇ ਮਿਲੀਆਂ ਹਨ ਅਤੇ ਇਹ ਵੀ ਪਹਿਲੀ ਵਾਰ ਹੋਇਆ ਹੈ ਕਿ ਬੱਚਿਆਂ ਨੂੰ ਗਰਮੀਆਂ ਵਾਲੀ ਵਰਦੀ ਗਰਮੀਆਂ ਵਿੱਚ ਅਤੇ ਸਰਦੀਆਂ ਵਾਲੀ ਵਰਦੀ ਸਰਦੀਆਂ ਵਿੱਚ ਮਿਲਦੀ ਹੈ।