ਚੰਡੀਗੜ੍ਹ ਕਸਟਮ ਵਿਭਾਗ ਨੇ ਚੰਡੀਗੜ੍ਹ ਏਅਰਪੋਰਟ ‘ਤੇ ਸੋਨੇ ਦੇ 12 ਬਿਸਕੁਟ ਜ਼ਬਤ ਕੀਤੇ ਹਨ। ਇਹ ਸੋਨਾ ਦੁਬਈ ਤੋਂ ਇੰਡੀਗੋ ਦੀ ਫਲਾਈਟ ਵਿੱਚ ਗੈਰ-ਕਾਨੂੰਨੀ ਢੰਗ ਨਾਲ ਲਿਆਂਦਾ ਜਾ ਰਿਹਾ ਸੀ। ਬਰਾਮਦ ਸੋਨੇ ਦੀ ਭਾਰਤੀ ਬਾਜ਼ਾਰ ‘ਚ ਕੀਮਤ ਕਰੀਬ 83 ਲੱਖ ਰੁਪਏ ਹੈ। ਪੁਲਿਸ ਨੇ ਦੋਵਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਵੱਲੋਂ ਮੁਲਜ਼ਮਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਕਸਟਮ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ 1.4 ਸੋਨਾ ਲਿਆ ਰਹੇ ਸਨ। ਮੁਲਜ਼ਮਾਂ ਦੇ ਕਬਜ਼ੇ ’ਚੋਂ 12 ਬਿਸਕੁਟ ਬਰਾਮਦ ਹੋਏ ਹਨ। ਮੁਲਜ਼ਮ ਸੋਨਾ ਸਿਗਰਟ ਦੇ ਪੈਕਟਾਂ ਵਿੱਚ ਰੱਖ ਕੇ ਲਿਆ ਰਹੇ ਸਨ ਤਾਂ ਜੋ ਇਹ ਕਸਟਮ ਵਿਭਾਗ ਦੀ ਨਜ਼ਰ ਤੋਂ ਬਚ ਸਕੇ। ਪਰ ਕਸਟਮ ਵਿਭਾਗ ‘ਚ ਦੋਵਾਂ ਦੀ ਪ੍ਰੋਫਾਈਲ ਦੇਖਣ ‘ਤੇ ਇਹ 12 ਬਿਸਕੁਟ ਬਰਾਮਦ ਹੋਏ।
ਪੁਲਿਸ ਵੱਲੋਂ ਫਿਲਹਾਲ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਨੂੰ ਇਹ ਸੋਨਾ ਦੁਬਈ ਤੋਂ ਖਰੀਦਣ ਲਈ ਪੈਸੇ ਕਿੱਥੋਂ ਮਿਲੇ। ਇਸ ਦੇ ਨਾਲ ਹੀ ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਉਹ ਪਹਿਲਾਂ ਕਿੰਨੀ ਵਾਰ ਸੋਨਾ ਲੈ ਕੇ ਆਏ ਹਨ ? ਕੀ ਉਹ ਆਪਣਾ ਤਸਕਰੀ ਦਾ ਕੰਮ ਕਰਦੇ ਹਨ ਜਾਂ ਕਿਸੇ ਹੋਰ ਲਈ ਸੋਨਾ ਲਿਆ ਰਹੇ ਸਨ? ਦੱਸ ਦੇਈਏ ਕਿ ਚੰਡੀਗੜ੍ਹ ਏਅਰਪੋਰਟ ‘ਤੇ ਪਹਿਲਾਂ ਵੀ ਕਈ ਵਾਰ ਸੋਨਾ ਫੜਿਆ ਜਾ ਚੁੱਕਾ ਹੈ। ਬਰਾਮਦ ਕੀਤਾ ਗਿਆ ਸੋਨਾ ਕਸਟਮ ਐਕਟ ਦੀ ਧਾਰਾ 110 ਦੇ ਤਹਿਤ ਜ਼ਬਤ ਕੀਤਾ ਗਿਆ ਅਤੇ ਬਾਅਦ ਵਿੱਚ ਯਾਤਰੀਆਂ ਨੂੰ ਕਸਟਮ ਐਕਟ ਦੀ ਧਾਰਾ 104 ਦੇ ਤਹਿਤ ਗ੍ਰਿਫਤਾਰ ਕੀਤਾ ਗਿਆ।ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।