Punjab

ਲੁਧਿਆਣਾ ’ਚ ਢਾਈ ਸਾਲ ਦੀ ਬੱਚੀ ਨਾਲ ਜਬਰਜਨਾਹ! ਗੁਆਂਢੀ ਦੇ ਘਰ ਖੇਡਣ ਗਈ ਸੀ ਮਾਸੂਮ ਬੱਚੀ, UP ਦਾ ਮੁਲਜ਼ਮ ਗ੍ਰਿਫ਼ਤਾਰ

ਲੁਧਿਆਣਾ: ਖੰਨਾ ਇਲਾਕੇ ਦੇ ਮਲੌਦ ’ਚ ਇੱਕ ਢਾਈ ਸਾਲ ਦੀ ਬੱਚੀ ਨਾਲ ਜਬਰ ਜਨਾਬ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿੱਚ ਮੁਲਜ਼ਮ ਸ਼ੈਲੇਸ਼ ਯਾਦਵ ਉਰਫ਼ ਕਾਲੂ ਵਾਸੀ ਪਿੰਡ ਬਿਦੁਨੀ ਥਾਣਾ ਸੈਰੋ ਜ਼ਿਲ੍ਹਾ ਕਾਸਗੰਜ (ਉੱਤਰ ਪ੍ਰਦੇਸ਼) ਨੂੰ ਗ੍ਰਿਫ਼ਤਾਰ ਕੀਤਾ ਗਿਆ। ਮਲੌਦ ਪੁਲਿਸ ਸਟੇਸ਼ਨ ਵਿੱਚ ਭਾਰਤੀ ਨਿਆਂ ਸੰਹਿਤਾ ਦੀ ਧਾਰਾ 65 (2) ਅਤੇ ਪੋਕਸੋ ਐਕਟ ਦੀ ਧਾਰਾ 6 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਮੁਲਜ਼ਮ ਮਲੌਦ ਦੇ ਇੱਕ ਪਿੰਡ ਵਿੱਚ ਕਿਰਾਏ ’ਤੇ ਰਹਿੰਦਾ ਸੀ।

ਪੀੜਤ ਬੱਚੀ ਦੀ ਮਾਂ ਨੇ ਰੰਗੇ ਹੱਥੀਂ ਫੜਿਆ

ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ ਵਿੱਚ ਪੀੜਤ ਬੱਚੀ ਦੀ ਮਾਂ ਨੇ ਦੱਸਿਆ ਕਿ ਉਹ ਘਰ ਵਿੱਚ ਨਹਾ ਰਹੀ ਸੀ। ਉਸ ਦੀ ਢਾਈ ਸਾਲ ਦੀ ਬੇਟੀ ਬਾਹਰ ਖੇਡ ਰਹੀ ਸੀ। ਜਦੋਂ ਉਹ ਨਹਾ ਕੇ ਬਾਹਰ ਆਈ ਤਾਂ ਬੱਚੀ ਨਜ਼ਰ ਨਹੀਂ ਆਈ। ਪਹਿਲਾਂ ਵੀ ਉਸ ਦੀ ਧੀ ਮੁਲਜ਼ਮ ਸ਼ੈਲੇਸ਼ ਯਾਦਵ ਦੇ ਘਰ ਜਾਂਦੀ ਸੀ।

ਇਸ ਲਈ ਮਾਂ ਸ਼ੈਲੇਸ਼ ਦੇ ਘਰ ਗਈ। ਉਸ ਨੇ ਕਮਰੇ ਦਾ ਦਰਵਾਜ਼ਾ ਬੰਦ ਕੀਤਾ ਹੋਇਆ ਸੀ। ਉਹ ਦਰਵਾਜ਼ਾ ਖੜਕਾਉਂਦੀ ਰਹੀ। ਫਿਰ ਸ਼ੈਲੇਸ਼ ਨੇ ਦਰਵਾਜ਼ਾ ਖੋਲ੍ਹਿਆ ਅਤੇ ਗੁੱਸੇ ’ਚ ਆ ਗਿਆ। ਸ਼ੈਲੇਸ਼ ਨੇ ਕੱਪੜੇ ਨਹੀਂ ਪਾਏ ਹੋਏ ਸਨ। ਕੁੜੀ ਅੰਦਰੋਂ ਰੋਂਦੀ ਹੋਈ ਬਾਹਰ ਆਈ। ਘਰ ਜਾ ਕੇ ਵੀ ਕੁੜੀ ਰੋਂਦੀ ਰਹੀ। ਜਦੋਂ ਉਸ ਦੀ ਮੈਡੀਕਲ ਜਾਂਚ ਕਰਵਾਈ ਗਈ ਤਾਂ ਸੱਚਾਈ ਸਾਹਮਣੇ ਆ ਗਈ।

ਮਾਮਲੇ ਦੀ ਜਾਂਚ ਕਰ ਰਹੀ ਮਹਿਲਾ ਸਬ ਇੰਸਪੈਕਟਰ ਰਾਜਵੰਤ ਕੌਰ ਨੇ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਤੁਰੰਤ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਲੜਕੀ ਦਾ ਮੈਡੀਕਲ ਕਰਵਾਇਆ ਗਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।