‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਟਵਿੱਟਰ ਨੇ ਅੱਜ ਬਾਲੀਵੁੱਡ ਅਦਾਕਾਰ ਕੰਗਣਾ ਰਣੌਤ ਦਾ ਟਵੀਟਰ ਅਕਾਊਂਟ ਬੰਦ ਕਰ ਦਿੱਤਾ ਹੈ। ਟਵਿੱਟਰ ਨੇ ਕੰਗਣਾ ‘ਤੇ ਤੈਅ ਨਿਯਮਾਂ ਦੀ ਉਲੰਘਣਾ ਕਰਨ ਦਾ ਦੋਸ਼ ਲਾਇਆ ਹੈ। ਇਸ ਦਰਮਿਆਨ ਟਵਿੱਟਰ ‘ਤੇ #KanganaRanaut ਅਤੇ #Suspended ਟ੍ਰੈਂਡ ਕਰ ਰਿਹਾ ਹੈ। ਕੰਗਣਾ ਨੇ ਪੱਛਮੀ ਬੰਗਾਲ ਵਿੱਚ ਚੋਣਾਂ ਦੌਰਾਨ ਵਾਪਰੀਆਂ ਕਈ ਘਟਨਾਵਾਂ ‘ਤੇ ਟਵੀਟ ਕੀਤੇ ਸੀ।
ਕੰਗਣਾ ਰਣੌਤ ਦੀ ਪ੍ਰਤੀਕਿਰਿਆ
ਕੰਗਣਾ ਰਣੌਤ ਨੇ ਟਵਿੱਟਰ ਦੀ ਕਾਰਵਾਈ ਦਾ ਜਵਾਬ ਦਿੰਦਿਆ ਕਿਹਾ ਕਿ, ‘ਟਵਿੱਟਰ ਨੇ ਸਿਰਫ ਮੇਰੀ ਗੱਲ ਨੂੰ ਸਾਬਤ ਕੀਤਾ ਹੈ ਕਿ ਉਹ ਜਨਮ ਤੋਂ ਹੀ ਅਮਰੀਕੀ ਹਨ, ਇੱਕ ਗੋਰਾ ਵਿਅਕਤੀ ਭੂਰੇ ਵਿਅਕਤੀ ਨੂੰ ਗੁਲਾਮ ਬਣਾਉਣ ਦਾ ਹੱਕ ਰੱਖਦਾ ਹੈ, ਜਿਸ ਕਰਕੇ ਉਹ ਤੁਹਾਨੂੰ ਦੱਸਣਾ ਚਾਹੁੰਦੇ ਹਨ ਕਿ ਕੀ ਸੋਚਣਾ, ਬੋਲਣਾ ਜਾਂ ਕਰਨਾ ਹੈ। ਮੇਰੇ ਕੋਲ ਹੋਰ ਬਹੁਤ ਸਾਰੇ ਸ਼ੋਸਲ ਪਲੇਟਫਾਰਮ ਹਨ, ਜਿੱਥੇ ਮੈਂ ਆਪਣੀ ਅਵਾਜ਼ ਨੂੰ ਉਠਾ ਸਕਦੀ ਹਾਂ, ਜਿਸ ਦੀ ਵੱਡੀ ਉਦਾਹਰਨ ਸਿਨੇਮਾ ਹੈ।
ਕੰਗਣਾ ਰਣੌਤ ਦਾ ਟਵੀਟ
ਕੰਗਣਾ ਰਣੌਤ ਨੇ ਇੱਕ ਟਵੀਟ ਵਿੱਚ ਬੰਗਾਲ ਵਿੱਚ ਰਾਸ਼ਟਰਪਤੀ ਸ਼ਾਸਨ ਦੀ ਮੰਗ ਕਰਦਿਆਂ ਕਿਹਾ ਸੀ ਕਿ ‘ਗੁੰਡਾਗਰਦੀ ਖਤਮ ਕਰਨ ਦੇ ਲਈ ਸਾਨੂੰ ਸੁਪਰ ਗੰਡਾਗਰਦੀ ਦੀ ਜ਼ਰੂਰਤ ਹੈ। ਮੋਦੀ ਜੀ, ਆਪਣਾ ਵਿਰਾਟ ਰੂਪ ਦਿਖਾਉ, ਪਲੀਜ਼।’
ਕੰਗਣਾ ਰਣੌਤ ਨੇ ਇਸ ਤੋਂ ਇਲਾਵਾ ਹੋਰ ਵੀ ਕਈ ਟਵੀਟ ਕੀਤੇ ਸਨ, ਜਿਸ ਵਿੱਚ ਉਸਨੇ ਇਸ ਤਰ੍ਹਾਂ ਦੀ ਅਪਮਾਨਜਨਕ ਅਤੇ ਭੜਕਾਊ ਸ਼ਬਦਾਵਲੀ ਦੀ ਵਰਤੋਂ ਕੀਤੀ ਸੀ।
ਫੇਸਬੁੱਕ ‘ਤੇ ਵੀਡੀਓ ਪਾ ਕੇ ਦਿੱਤਾ ਬਿਆਨ
ਟਵਿੱਟਰ ਅਕਾਊਂਟ ਬੰਦ ਹੋਣ ਤੋਂ ਬਾਅਦ ਕੰਗਣਾ ਰਣੌਤ ਨੇ ਆਪਣੇ ਫੇਸਬੁੱਕ ਪੇਜ ਤੋਂ ਇੱਕ ਵੀਡੀਓ ਪਾ ਕੇ ਬੀਬੀਸੀ ਸਮੇਤ ਹੋਰ ਅੰਤਰਰਾਸ਼ਟਰੀ ਮੀਡੀਆ ਸੰਸਥਾਵਾਂ ‘ਤੇ ‘ਸਾਜਿਸ਼’ ਦਾ ਦੋਸ਼ ਲਾਉਂਦਿਆਂ ਕਿਹਾ ਕਿ ‘ਬੰਗਾਲ ਵਿੱਚ ਇੰਨੀ ਹਿੰਸਾ ਹੋ ਰਹੀ ਹੈ ਪਰ ਬੀਬੀਸੀ ਵਰਲਡ, ਟੈਲੀਗ੍ਰਾਫ, ਟਾਈਮ ਅਤੇ ਗਾਰਡੀਅਨ ਇਸਨੂੰ ਕਵਰ ਨਹੀਂ ਕਰ ਰਹੇ। ਇਨ੍ਹਾਂ ਦੀ ਭਾਰਤ ਦੇ ਖਿਲਾਫ ਸਾਜਿਸ਼ ਹੈ।’
ਕੰਗਣਾ ਨੇ ਕਿਹਾ ਕਿ ‘ਵੈਸੇ ਤਾਂ ਉਹ ਮੋਦੀ ਸਰਕਾਰ ਦੀ ਬਹੁਤ ਵੱਡੀ ਸਮਰਥਕ ਹੈ ਪਰ ਬੰਗਾਲ ਵਿੱਚ ਉਨ੍ਹਾਂ ਦੇ ਰਵੱਈਏ ਤੋਂ ਨਿਰਾਸ਼ ਹੈ। ਉਸਨੇ ਕਿਹਾ ਕਿ ਤੁਸੀਂ ਬੰਗਾਲ ਵਿੱਚ ਧਰਨਾ ਦੇਣ ਜਾ ਰਹੇ ਹੋ। ਤੁਸੀਂ ਦੇਸ਼ ਧ੍ਰੋਹੀਆਂ ਤੋਂ ਕਿਉਂ ਡਰ ਰਹੇ ਹੋ। ਕੀ ਹੁਣ ਦੇਸ਼ ਧ੍ਰੋਹੀ ਦੇਸ਼ ਚਲਾਉਣਗੇ। ਅੱਜ ਜਦੋਂ ਦੇਸ਼ ਵਿੱਚ ਰਾਸ਼ਟਰਪਤੀ ਸ਼ਾਸਨ ਦੀ ਜ਼ਰੂਰਤ ਹੈ ਤਾਂ ਅਸੀਂ ਕਿਉਂ ਡਰ ਰਹੇ ਹਾਂ।’ ਕੰਗਣਾ ਰਣੌਤ ਨੇ ਸਰਕਾਰ ਨੂੰ ਬੰਗਾਲ ਵਿੱਚ ਵਾਪਰ ਰਹੀਆਂ ਘਟਨਾਵਾਂ ਨੂੰ ਲੈ ਕੇ ਜਲਦ ਤੋਂ ਜਲਦ ਸਖਤ ਕਦਮ ਚੁੱਕਣ ਦੀ ਅਪੀਲ ਕੀਤੀ।