‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਸੋਸ਼ਲ ਮੀਡੀਆ ਕੰਪਨੀ ਟਵਿੱਟਰ ਨੇ ਕੋਰੋਨਾ ਕਾਲ ਵਿੱਚ ਭਾਰਤ ਨੂੰ ਵੱਡੀ ਰਕਮ ਦੇਕੇ ਮਦਦ ਕੀਤੀ ਹੈ। ਜਾਣਕਾਰੀ ਮੁਤਾਬਿਕ ਟਵਿੱਟਰ ਨੇ ਭਾਰਤ ਨੂੰ 1.5 ਕਰੋੜ ਡਾਲਰ ਦਿੱਤੇ ਹਨ। ਇਕ ਟਵੀਟ ਰਾਹੀਂ ਇਹ ਜਾਣਕਾਰੀ ਦਿੰਦਿਆਂ ਟਵਿੱਟਰ ਦੇ ਸੀਈਓ ਜੈਕ ਪੈਟ੍ਰਿਕ ਡੋਰਸੀ ਨੇ ਕਿਹਾ ਹੈ ਕਿ ਇਹ ਰਕਮ ਤਿੰਨ ਗੈਰ ਸਰਕਾਰੀ ਸੰਗਠਨਾਂ, ਕੇਅਰ, ਐਡ ਇੰਡੀਆ ਅਤੇ ਸੇਵਾ ਇੰਟਰਨੈਸ਼ਨਲ ਯੂਐੱਸਏ ਨੂੰ ਦਾਨ ਕੀਤੀ ਗਈ ਹੈ।
ਕੇਅਰ ਨੂੰ ਇਕ ਕਰੋੜ ਡਾਲਰ ਦਿੱਤੇ ਗਏ ਹਨ। ਜਦਕਿ ਸੇਵਾ ਇੰਟਰਨੈਸ਼ਨਲ ਨੂੰ 25-25 ਲੱਖ ਡਾਲਰ। ਉਨ੍ਹਾਂ ਕਿਹਾ ਕਿ ਸੇਵਾ ਇੰਟਰਨੈਸ਼ਨਲ ਇਕ ਹਿੰਦੂ ਆਸਥਾ ‘ਤੇ ਅਧਾਰਿਤ ਮਨੁੱਖੀ ਅਤੇ ਗੈਰ ਲਾਭਕਾਰੀ ਸੇਵਾ ਸੰਗਠਨ ਹੈ। ਇਸ ਦਾਨ ਨਾਲ ਸੇਵਾ ਇੰਟਰਨੈਸ਼ਨਲ ਦੇ ਹੈਲਪ ਇੰਡੀਆ ਡਿਫੀਟ ਕੋਵਿਡ-19 ਅਭਿਆਨ ਤਹਿਤ ਆਕਸੀਜਨ ਕੰਸਟਰੇਟਰ, ਵੈਂਟੀਲੇਟਰ, ਬਾਇਪੈਪ (ਬਾਈਲੈਵਲ ਪਾਜੇਟਿਵ ਏਅਰਵੇ ਪ੍ਰੈਸ਼ਰ) ਮਸ਼ੀਨਾਂ ਨੂੰ ਖਰੀਦਿਆ ਜਾਵੇਗਾ। ਬਿਆਨ ਵਿੱਚ ਕਿਹਾ ਗਿਆ ਹੈ ਕਿ ਇਹ ਮਸ਼ੀਨਾਂ ਸਰਕਾਰੀ ਹਸਪਤਾਲਾਂ ਅਤੇ ਕੋਵਿਡ ਦੇਖਭਾਲ ਕੇਂਦਰਾਂ ਸਣੇ ਹੋਰ ਹਸਪਤਾਲਾਂ ਨੂੰ ਦਿੱਤੇ ਜਾਣਗੇ।
ਇਸ ਦਾਨ ਤੇ ਪ੍ਰਤਿਕਿਰਿਆ ਦਿੰਦਿਆਂ ਸੇਵਾ ਇੰਟਰਨੈਸ਼ਨਲ ਦੇ ਉਪ ਪ੍ਰਧਾਨ ਸੰਦੀਪ ਖਡਕੇਕਰ ਨੇ ਕਿਹਾ ਕਿ ਅਸੀਂ ਇਸ ਲਈ ਡੋਰਸੀ ਦਾ ਧੰਨਵਾਦ ਕਰਦੇ ਹਾਂ।
ਉਨ੍ਹਾਂ ਕਿਹਾ ਕਿ ਸੇਵਾ ਦੀ ਪ੍ਰਸ਼ਾਸ਼ਨਿਕ ਲਾਗਤ ਲੱਗਭਗ ਪੰਜ ਫੀਸਦ ਹੈ। ਇਸਦਾ ਮਤਲਬ ਦਾਨ ਵਿਚ ਮਿਲੇ ਹਰੇਕ 100 ਡਾਲਰ ਵਿੱਚੋਂ 95 ਡਾਲਰ ਉਨ੍ਹਾਂ ਲੋਕਾਂ ‘ਤੇ ਖਰਚ ਕੀਤੇ ਜਾਣਗੇ, ਜਿਨ੍ਹਾਂ ਲਈ ਇਹ ਦਾਨ ਮਿਲਿਆ ਹੈ।