The Khalas Tv Blog Punjab ਹੁਣ ਖ਼ਾਲਸਾ ਏਡ ਦੇ ਰਵੀ ਸਿੰਘ ਦੀ ਵਾਰੀ
Punjab

ਹੁਣ ਖ਼ਾਲਸਾ ਏਡ ਦੇ ਰਵੀ ਸਿੰਘ ਦੀ ਵਾਰੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਭਾਰਤ ਸਰਕਾਰ ਨੇ ਖਾਲਸਾ ਏਡ ਦੇ ਸੰਸਥਾਪਕ ਅਤੇ ਸੀਈਓ ਰਵਿੰਦਰ ਸਿੰਘ ਦਾ ਟਵਿੱਟਰ ਅਕਾਊਂਟ ਦੇਸ਼ ਵਿੱਚ ਬੰਦ ਕਰ ਦਿੱਤਾ ਹੈ। ਖਾਲਸਾ ਏਡ ਨੇ ਟਵਿੱਟਰ ਉੱਤੇ ਇਸਦੀ ਜਾਣਕਾਰੀ ਦਿੱਤੀ ਹੈ। ਰਵੀ ਸਿੰਘ ਵੱਲੋਂ ਫੇਸਬੁੱਕ ‘ਤੇ ਇੱਕ ਪੋਸਟ ਪਾ ਕੇ ਦੱਸਿਆ ਗਿਆ ਹੈ ਕਿ ਭਾਰਤ ਵਿੱਚ ਉਨ੍ਹਾਂ ਦਾ ਅਕਾਊਂਟ ਬੈਨ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਬੀਜੇਪੀ ਦੇ ਅਧੀਨ ਲੋਕਤੰਤਰ ਦਾ ਅਸਲੀ ਚਿਹਰਾ ਹੈ। ਸਿੱਖ ਸੋਸ਼ਲ ਮੀਡੀਆ ਅਕਾਊਂਟ ‘ਤੇ ਬੈਨ ਲਾਉਣ ਨਾਲ ਆਵਾਜ਼ਾਂ ਉੱਠਣ ਤੋਂ ਰੋਕੀਆਂ ਨਹੀਂ ਜਾ ਸਕਦੀਆਂ। ਅਸੀਂ ਹੋਰ ਉੱਚੀ ਆਵਾਜ਼ਾਂ ਉਠਾਵਾਂਗੇ।

ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਇਸਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਉਨ੍ਹਾਂ ਨੇ ਟਵੀਟ ਕਰਕੇ ਕਿਹਾ ਕਿ ਉਹ ਕੇਂਦਰ ਦੀ ਸ਼ਿਕਾਇਤ ਉੱਤੇ ਰਵੀ ਸਿੰਘ ਖ਼ਾਲਸਾ ਦੇ ਟਵਿੱਟਰ ਹੈਂਡਲ ਨੂੰ ਬਲਾਕ ਕਰਨ ਦੀ ਸਖ਼ਤ ਨਿੰਦਾ ਕਰਦੇ ਹਨ। ਇਹ ਸੰਵਿਧਾਨ ਅਨੁਸਾਰ ਬੋਲਣ ਦੀ ਆਜ਼ਾਦੀ ਦੇ ਸਾਡੇ ਬੁਨਿਆਦੀ ਅਧਿਕਾਰ ਉੱਤੇ ਸਿੱਧਾ ਹਮਲਾ ਹੈ। ਰਵੀ ਸਿੰਘ ਖ਼ਾਲਸਾ ਅਤੇ ਉਸਦੀ ਸੰਸਥਾ ਖ਼ਾਲਸਾ ਏਡ ਭਾਰਤ ਸਮੇਤ ਦੁਨੀਆ ਭਰ ਵਿੱਚ ਲੋੜਵੰਦਾਂ ਦੀ ਸਹਾਇਤਾ ਲਈ ਹਰ ਸਮੇਂ ਅੱਗੇ ਆਉਂਦੀ ਹੈ।

ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਰਵੀ ਸਿੰਘ ਖਾਲਸਾ ਦਾ ਟਵਿੱਟਰ ਅਕਾਊਂਟ ਬੈਨ ਕਰਨ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਬੇਹੱਦ ਨਿੰਦਾਜਨਕ ਕਾਰਵਾਈ ਹੈ। ਟੈਕਨੋਲੋਜੀ ਦੇ ਇਸ ਯੁੱਗ ਵਿੱਚ ਵਿਚਾਰਾਂ ਦੀ ਆਜ਼ਾਦੀ ਕੁਚਲਣਾ ਕਿਸੇ ਵੀ ਲੋਕਤੰਤਰੀ ਦੇਸ਼ ਲਈ ਸ਼ੋਭਾ ਨਹੀਂ ਦਿੰਦਾ।

ਬੀਤੇ ਦਿਨੀਂ ਮਰਹੂਮ ਪੰਜਾਬੀ ਨੌਜਵਾਨ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦਾ SYL ਗਾਣਾ ਯੂਟਿਊਬ ਤੋਂ ਹਟਾ ਦਿੱਤਾ ਗਿਆ ਸੀ। ਇਸ ਦਾ ਕਾਰਨ ਵੀ ਸਰਕਾਰ ਤੋਂ ਲੀਗਲ ਸ਼ਿਕਾਇਤ ਦੱਸਿਆ ਗਿਆ ਸੀ। ਇਸ ਗਾਣੇ ਵਿੱਚ ਹਰਿਆਣਾ ਤੇ ਪੰਜਾਬ ਵਿੱਚ ਸਤਲੁਜ ਯਮੁਨਾ ਲਿੰਕ ਨਹਿਰ ਦੇ ਪਾਣੀ ਨੂੰ ਲੈ ਕੇ ਚੱਲ ਰਹੇ ਵਿਵਾਦ ਨੂੰ ਉਠਾਇਆ ਗਿਆ ਸੀ।

ਇਸ ਮਗਰੋਂ ਕਿਸਾਨਾਂ ਦੀ ਹਮਾਇਤ ਕਰਨ ਵਾਲਾ ‘ਟਰੈਟਰ ਟੂ ਟਵਿੱਟਰ’ ਅਕਾਊਂਟ ਬੰਦ ਕਰ ਦਿੱਤਾ ਗਿਆ। ਕਿਸਾਨ ਅੰਦੋਲਨ ਵੇਲੇ ਇਸ ਅਕਾਊਂਟ ਨੇ ਵੱਡੀ ਭੂਮਿਕਾ ਨਿਭਾਈ ਸੀ। ਇਸ ਹੈਂਡਲ ਤੋਂ ਕਿਸਾਨੀ ਅੰਦੋਲਨ ਨੂੰ ਲੈ ਕੇ ਟਵੀਟ ਕੀਤੇ ਜਾਂਦੇ ਸਨ। ਕਿਸਾਨੀ ਤੇ ਕਿਸਾਨ ਅੰਦੋਲਨ ਨੂੰ ਲੈ ਕੇ ਟਵਿੱਟਰ ਟ੍ਰੈਂਡ ਕਰਵਾਏ ਜਾਂਦੇ ਸਨ। ਦੱਸਿਆ ਗਿਆ ਹੈ ਕਿ ਕਿਸੇ ਲੀਗਲ ਡਿਮਾਂਡ ਕਰਕੇ ਇਸ ਅਕਾਊਂਟ ਨੂੰ ਸਸਪੈਂਡ ਕੀਤਾ ਗਿਆ ਹੈ। ਇਨ੍ਹਾਂ ਅਕਾਊਂਟਸ ਨੂੰ ਬੰਦ ਕਰਨ ‘ਤੇ ਕੇਂਦਰ ਸਰਕਾਰ ‘ਤੇ ਸਵਾਲ ਉਠਾਏ ਜਾ ਰਹੇ ਹਨ।

Exit mobile version