Punjab

ਮਾਨ ਕੈਬਨਿਟ ਦੇ ਵਿਸਤਾਰ ਦਾ ਫਾਰਮੂਲਾ ਤਿਆਰ, 5 ਚਿਹਰੇ ਰੇਸ ‘ਚ

ਭਗਵੰਤ ਮਾਨ ਸਰਕਾਰ ਦੇ ਪਹਿਲੇ ਕੈਬਨਿਟ ਵਿਸਤਾਰ ਨੂੰ ਲੈ ਕੇ ਅਰਵਿੰਦ ਕੇਜਰੀਵਾਰ ਅਤੇ ਭਗਵੰਤ ਮਾਨ ਦੇ ਵਿਚਾਲੇ 3 ਘੰਟੇ ਮੀਟਿੰਗ ਹੋਈ ਜਿਸ ਵਿੱਚ ਰਾਘਵ ਚੱਢਾ ਵੀ ਮੌਜੂਦ ਸਨ

‘ਦ ਖ਼ਾਲਸ ਬਿਊਰੋ :- ਸੰਗਰੂਰ ਜ਼ਿਮਨੀ ਚੋਣ ਅਤੇ ਮਾਨ ਸਰਕਾਰ ਦਾ ਪਹਿਲਾ ਬਜਟ ਪੇਸ਼ ਹੋਣ ਤੋਂ ਬਾਅਦ ਹੁਣ ਨਜ਼ਰਾਂ ਪਹਿਲੇ ਕੈਬਨਿਟ ਵਿਸਤਾਰ ‘ਤੇ ਲੱਗੀਆਂ ਹੋਈਆਂ ਹਨ, ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਸਿਲਸਿਲੇ ਵਿੱਚ ਆਪ ਸੁਪ੍ਰੀਮੋ ਅਰਵਿੰਦ ਕੇਜਰੀਵਾਲ ਨਾਲ ਦਿੱਲੀ ਵਿੱਚ ਸ਼ੁੱਕਵਾਰ 3 ਘੰਟੇ ਤੱਕ ਮੀਟਿੰਗ ਵੀ ਕੀਤੀ ਹੈ ਜਿਸ ਵਿੱਚ ਰਾਜਸਭਾ ਦੇ ਮੈਂਬਰ ਰਾਘਵ ਚੱਢਾ ਵੀ ਮੌਜੂਦ ਰਹੇ, ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਪਹਿਲੇ ਵਿਸਤਾਰ ਵਿੱਚ 5 ਵਿਧਾਇਕਾਂ ਨੂੰ ਥਾਂ ਮਿਲ ਸਕਦੀ ਹੈ ਜਦਕਿ ਮੰਤਰੀ ਮੰਡਲ ਦੇ 3 ਅਹੁਦੇ ਖਾਲੀ ਰੱਖੇ ਜਾ ਸਕਦੇ ਨੇ, ਮੰਤਰੀਆਂ ਦੀ ਰੇਸ ਵਿੱਚ ਜਿਹੜੇ 5 ਨਾਂ ਸਭ ਤੋਂ ਅੱਗੇ ਨੇ ਉਨ੍ਹਾਂ ਵਿੱਚ 2 ਦੂਜੀ ਵਾਰ ਦੇ ਜੇਤੂ ਵਿਧਾਇਕ ਨੇ, ਜਦਕਿ ਇਸ ਤੋਂ ਇਲਾਵਾ ਇਕ ਮਹਿਲਾ ਨੂੰ ਕੈਬਨਿਟ ਵਿੱਚ ਥਾਂ ਮਿਲ ਸਕਦੀ ਹੈ, ਅੰਮ੍ਰਿਤਸਰ ਤੋਂ ਪਹਿਲੀ ਵਾਰ ਚੁਣੇ ਗਏ ਵਿਧਾਇਕ ਨੂੰ ਵੀ ਕੈਬਨਿਟ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ।

ਇਹ ਵਿਧਾਇਕ ਮੰਤਰੀ ਅਹੁਦੇ ਦੀ ਰੇਸ ਵਿੱਚ

ਭਗਵੰਤ ਮਾਨ ਦੇ ਕੈਬਨਿਟ ਵਿਸਤਾਰ ਵਿੱਚ ਦੂਜੀ ਵਾਰ ਦੇ ਜੇਤੂ ਵਿਧਾਇਕਾਂ ਵਿੱਚੋ ਅਮਨ ਅਰੋੜਾ ਦਾ ਨਾਂ ਸਭ ਤੋਂ ਅੱਗੇ ਚੱਲ ਰਿਹਾ ਹੈ, ਸਰਬਜੀਤ ਕੌਰ ਮਾਣੂੰਕੇ ਅਤੇ ਬਲਜਿੰਦਰ ਕੌਰ ਅਤੇ ਪ੍ਰਿੰਸੀਪਲ ਬੁੱਧ ਰਾਮ ਵੀ ਦੂਜੀ ਵਾਰ ਦੇ ਜੇਤੂ ਨੇ ਉਨ੍ਹਾਂ ਨੂੰ ਵੀ ਕੈਬਨਿਟ ਵਿੱਚ ਥਾਂ ਮਿਲ ਸਕਦੀ ਹੈ ਇਸ ਤੋਂ ਇਲਾਵਾ ਅੰਮ੍ਰਿਤਸਰ ਤੋਂ ਵੀ ਇਕ ਵਿਧਾਇਕ ਦੇ ਕੈਬਨਿਟ ਵਿੱਚ ਆਉਣ ਦੀਆਂ ਚਰਚਾਵਾਂ ਨੇ, ਕੀ ਉਹ ਨਾਂ ਕੁੰਵਰ ਵਿਜੇ ਪ੍ਰਤਾਪ ਦਾ ਹੋ ਸਕਦਾ ਹੈ, ਇਹ ਇਕ ਵੱਡਾ ਸਵਾਲ ਹੈ, 3 ਮਹੀਨੇ ਦੇ ਅੰਦਰ ਕੁੰਵਰ ਵਿਜੇ ਪ੍ਰਤਾਪ ਨੇ ਵਿਧਾਨਸਭਾ ਦੇ ਅੰਦਰ ਅਤੇ ਬਾਹਰ ਅਜਿਹੇ ਕਈ ਮੁੱਦੇ ਚੁੱਕੇ ਨੇ ਜਿਸ ਦੀ ਵਜ੍ਹਾ ਕਰਕੇ ਪਾਰਟੀ ਨੂੰ ਸਫਾਈ ਦੇਣੀ ਪਈ ਹੈ, ਤਾਜ਼ਾ ਮਾਮਲਾ ਪੰਜਾਬ ਵਿਧਾਨਸਭਾ ਦੇ ਬਜਟ ਇਜਲਾਸ ਦਾ ਹੈ ਜਦੋਂ ਕੁੰਵਰ ਵਿਜੇ ਪ੍ਰਤਾਪ ਨੇ ਬੇਅਦਬੀ ‘ਤੇ ਬਹਿਸ ਕਰਵਾਉਣ ਦੀ ਮੰਗ ਕੀਤੀ ਸੀ ਜਿਸ ਦੀ ਕਾਂਗਰਸ ਨੇ ਵੀ ਹਿਮਾਇਤ ਕੀਤੀ ਪਰ ਸਰਕਾਰ ਇਸ ‘ਤੇ ਚੁੱਪ ਰਹੀ ਸੀ, ਇਸ ਤੋਂ ਇਲਾਵਾ ਅੰਮ੍ਰਿਤਸਰ ਦੇ ਨਵੇਂ ਕਮਿਸ਼ਨ ਅਰੁਣਪਾਲ ਸਿੰਘ ਦੀ ਨਿਯੁਕਤੀ ਨੂੰ ਲੈ ਕੇ ਵੀ ਕੁੰਵਰ ਵਿਜੇ ਪ੍ਰਤਾਪ ਨੇ ਸਵਾਲ ਚੁੱਕੇ ਸਨ, ਕੈਪਟਨ ਸਰਕਾਰ ਵੱਲੋਂ ਬੇਅਦਬੀ ਕਾਂਡ ਦੀ ਜਾਂਚ ਲਈ ਬਣਾਈ ਗਈ SIT ਵਿੱਚ ਅਰੁਣਪਾਲ ਸ਼ਾਮਲ ਸਨ,ਕੁੰਵਰ ਵਿਜੇ ਪ੍ਰਤਾਪ ਨੇ ਉਨ੍ਹਾਂ ਦੇ ਰੋਲ ਨੂੰ ਲੈ ਕੇ ਸਵਾਲ ਚੁੱਕੇ ਸਨ, ਕੀ ਪਾਰਟੀ ਕੁੰਵਰ ਵਿਜੇ ਪ੍ਰਤਾਪ ਨੂੰ ਕੈਬਨਿਟ ਵਿੱਚ ਸ਼ਾਮਲ ਕਰਵਾ ਕੇ ਸ਼ਾਂਤ ਕਰਨ ਦੀ ਕੋਸ਼ਿਸ਼ ਕਰੇਗੀ ? ਕੀ ਕੁੰਵਰ ਵਿਜੇ ਪ੍ਰਤਾਪ ਨੂੰ ਕੈਬਨਿਟ ਦੀ ਕੁਰਸੀ ਸ਼ਾਂਤ ਕਰਵਾ ਸਕਦੀ ਹੈ ? ਇਹ ਉਹ ਸਵਾਲ ਨੇ ਜਿਸ ‘ਤੇ ਪਾਰਟੀ ਵਿਚਾਰ ਕਰ ਰਹੀ ਹੈ।

ਮੌਜੂਦਾ ਕੈਬਨਿਟ ‘ਚ ਸੀਐੱਮ ਸਮੇਤ 10 ਮੰਤਰੀ ਨੇ

ਪੰਜਾਬ ਵਿੱਚ ਭਗਵੰਤ ਮਾਨ ਸਰਕਾਰ ਵਿੱਚ 18 ਮੰਤਰੀ ਸ਼ਾਮਲ ਹੋ ਸਕਦੇ ਨੇ, ਸ਼ੁਰੂਆਤ ਵਿੱਚ ਮਾਨ ਸਮੇਤ 10 ਮੰਤਰੀਆਂ ਨੇ ਸਹੁੰ ਚੁੱਕੀ ਸੀ ਪਰ ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ਬਰਖ਼ਾਸਤ ਕਰਨ ਤੋਂ ਬਾਅਦ 1 ਹੋਰ ਅਹੁਦਾ ਖਾਲੀ ਹੋ ਗਿਆ ਸੀ, ਆਪ ਸਰਕਾਰ ਪਹਿਲੇ ਕੈਬਨਿਟ ਵਿਸਤਾਰ ਵਿੱਚ ਸਿਰਫ 5 ਮੰਤਰੀ ਬਣਾਉਣ ‘ਤੇ ਵਿਚਾਰ ਕਰ ਰਹੀ ਹੈ 3 ਅਹੁਦੇ ਹੁਣ ਵੀ ਖਾਲੀ ਰੱਖੇ ਜਾ ਸਕਦੇ ਨੇ