ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸ਼ਨੀਵਾਰ ਦੇਰ ਰਾਤ ਐਲਾਨ ਕੀਤਾ ਕਿ ਉਹ ਨਾਸਾ ਦੀ ਅਗਵਾਈ ਕਰਨ ਲਈ ਐਲਨ ਮਸਕ ਦੇ ਸਹਿਯੋਗੀ Jared Isaacman ਦਾ ਨਾਮ ਵਾਪਸ ਲੈ ਰਹੇ ਹਨ। ਟਰੰਪ ਨੇ ਕਿਹਾ ਕਿ ਉਹ ਇਸਾਕਮੈਨ ਦੇ ‘ਪੁਰਾਣੇ ਰਿਸ਼ਤਿਆਂ’ ਦੀ ‘ਡੂੰਘੀ ਸਮੀਖਿਆ’ ਮਗਰੋਂ ਇਸ ਨਤੀਜੇ ’ਤੇ ਪਹੁੰਚੇ ਹਨ ਹਾਲਾਂਕਿ ਟਰੰਪ ਨੇ ਆਪਣੀ ਗੱਲ ਸਾਫ ਸ਼ਬਦਾਂ ‘ਚ ਨਹੀਂ ਸਮਝਾਈ।
ਟਰੰਪ ਨੇ ਆਪਣੇ ਸੋਸ਼ਲ ਮੀਡੀਆ ਮੰਚ ’ਤੇ ਲਿਖਿਆ ਕਿ ਪੁਰਾਣੇ ਰਿਸ਼ਤਿਆਂ ਦੀ ਡੂੰਘੀ ਸਮੀਖਿਆ ਮਗਰੋਂ ਮੈਂ NASA ਪ੍ਰਮੁੱਖ ਲਈ Jared Isaacman ਦਾ ਨਾਮ ਵਾਪਸ ਲੈ ਰਿਹਾ ਹਾਂ ਅਤੇ ਮੈਂ ਜਲਦ ਹੀ ਇਕ ਨਵੇਂ ਉਮੀਦਵਾਰ ਦਾ ਐਲਾਨ ਕਰਾਂਗਾ ਜੋ ਮਿਸ਼ਨ ਨਾਲ ਜੁੜਿਆ ਹੋਵੇਗਾ ਤੇ ਪੁਲਾੜ ਵਿਚ ਅਮਰੀਕਾ ਨੂੰ ਅੱਗੇ ਰੱਖੇਗਾ।
ਦੱਸ ਦਈਏ ਕਿ ਟਰੰਪ ਨੇ ਦਸੰਬਰ ਵਿਚ ਐਲਾਨ ਕੀਤਾ ਸੀ ਕਿ ਉਨ੍ਹਾਂ ਇਸਾਕਮੈਨ ਨੂੰ ਪੁਲਾੜ ਏਜੰਸੀ ਦਾ ਅਗਲਾ ਪ੍ਰਸ਼ਾਸਕ ਚੁਣਿਆ ਹੈ। ਇਸਾਕਮੈਨ (42) ਮਸਕ ਦੇ ਕਰੀਬੀ ਸਹਿਯੋਗੀ ਰਹੇ ਹਨ। ਸੈਨੇਟ ਦੀ ਵਣਜ, ਵਿਗਿਆਨ ਤੇ ਟਰਾਂਪੋਰਟ ਕਮੇਟੀ ਨੇ ਅਪਰੈਲ ਦੇ ਅਖੀਰ ਵਿਚ ਇਸਾਕਮੈਨ ਦੀ ਨਾਮਜ਼ਦਗੀ ਨੂੰ ਮਨਜ਼ੂਰੀ ਦਿੱਤੀ ਸੀ ਤੇ ਉਨ੍ਹਾਂ ਦੇ ਨਾਂ ਦੀ ਪੁਸ਼ਟੀ ਲਈ ਸੈਨੇਟ ਵਿਚ ਜਲਦੀ ਵੋਟਿੰਗ ਹੋਣ ਦੀ ਉਮੀਦ ਸੀ। ਮਸਕ ਨੇ ਸ਼ਨਿੱਚਰਵਾਰ ਨੂੰ ਇਹ ਖ਼ਬਰ ਆਉਣ ਮਗਰੋਂ ਟਰੰਪ ਦੇ ਫੈਸਲੇ ’ਤੇ ਅਫਸੋਸ ਜਤਾਇਆ ਤੇ ਇਕ ਪੋਸਟ ਵਿਚ ਲਿਖਿਆ ਕਿ ‘ਇੰਨਾ ਸਮਰੱਥ ਅਤੇ ਨੇਕ ਦਿਲ ਵਿਅਕਤੀ ਮਿਲਣਾ ਬਹੁਤ ਮੁਸ਼ਕਲ ਹੈ।