India International

ਟਰੰਪ ਨੇ ਗ਼ੈਰ-ਕਾਨੂੰਨੀ ਭਾਰਤੀ ਪ੍ਰਵਾਸੀਆਂ ਨੂੰ ਡਿਪੋਰਟ ਕਰਨਾ ਕੀਤਾ ਸ਼ੁਰੂ, ਅਮਰੀਕਾ ਤੋਂ ਜਹਾਜ਼ ਰਵਾਨਾ, ਅੱਜ ਭਾਰਤ ਪਹੁੰਚੇਗਾ

ਅਮਰੀਕਾ ’ਚ ਸਰਕਾਰ ’ਚ ਆਉਂਦਿਆਂ ਹੀ ਟੰਰਪ ਨੇ ਉੱਥੇ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਪ੍ਰਵਾਸੀਆਂ ਵਿਰੁਧ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਸੀ। ਜਿਸ ਦੇ ਚੱਲਦਿਆਂ ਅਮਰੀਕਾ ਤੋਂ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਲੈ ਕੇ ਇੱਕ ਫੌਜੀ ਜਹਾਜ਼ ਭਾਰਤ ਲਈ ਰਵਾਨਾ ਹੋਇਆ।

ਨਿਊਜ਼ ਏਜੰਸੀ ਰਾਇਟਰਜ਼ ਦੇ ਅਨੁਸਾਰ, ਅਮਰੀਕੀ ਹਵਾਈ ਸੈਨਾ ਦਾ ਸੀ-17 ਟਰਾਂਸਪੋਰਟ ਜਹਾਜ਼ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਲੈ ਕੇ ਭਾਰਤ ਲਈ ਉਡਾਣ ਭਰ ਚੁੱਕਾ ਹੈ। ਇਸਨੂੰ ਪਹੁੰਚਣ ਵਿੱਚ ਘੱਟੋ-ਘੱਟ 24 ਘੰਟੇ ਲੱਗਣਗੇ। ਰਾਇਟਰਜ਼ ਨੇ ਜਹਾਜ਼ ਦੇ ਉਡਾਣ ਭਰਨ ਦੇ ਸਮੇਂ ਦਾ ਵੀ ਖੁਲਾਸਾ ਨਹੀਂ ਕੀਤਾ।

ਦਰਅਸਲ, ਟਰੰਪ ਨੇ ਅਮਰੀਕਾ ਦੇ ਇਤਿਹਾਸ ਵਿੱਚ ਸਭ ਤੋਂ ਵੱਡੀ ਦੇਸ਼ ਨਿਕਾਲਾ ਦੇਣ ਦਾ ਵਾਅਦਾ ਕੀਤਾ ਸੀ। ਇਸ ਤੋਂ ਬਾਅਦ, ਇਮੀਗ੍ਰੇਸ਼ਨ ਅਤੇ ਕਸਟਮਜ਼ ਇਨਫੋਰਸਮੈਂਟ (ICE) ਨੇ 15 ਲੱਖ ਗੈਰ-ਕਾਨੂੰਨੀ ਪ੍ਰਵਾਸੀਆਂ ਦੀ ਇੱਕ ਸੂਚੀ ਤਿਆਰ ਕੀਤੀ, ਜਿਸ ਵਿੱਚ 18,000 ਭਾਰਤੀ ਵੀ ਸ਼ਾਮਲ ਹਨ।

ਟਰੰਪ ਦੇ ਸੱਤਾ ਸੰਭਾਲਣ ਦੇ ਪਹਿਲੇ 11 ਦਿਨਾਂ ਵਿੱਚ, 25 ਹਜ਼ਾਰ ਤੋਂ ਵੱਧ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ। ਟਰੰਪ ਦੀ ਆਈਸੀਈ ਟੀਮ (ਇਮੀਗ੍ਰੇਸ਼ਨ ਅਤੇ ਕਸਟਮਜ਼ ਇਨਫੋਰਸਮੈਂਟ) ਨੇ 12 ਰਾਜਾਂ ਵਿੱਚ ਛਾਪੇਮਾਰੀ ਕੀਤੀ।

ਰਿਪੋਰਟਾਂ ਅਨੁਸਾਰ, ਜ਼ਿਆਦਾਤਰ ਛਾਪੇ ਰਿਪਬਲਿਕਨ ਰਾਜਾਂ ਵਿੱਚ ਹੋਏ ਹਨ। ਇਨ੍ਹਾਂ ਵਿੱਚੋਂ 1700 ਗੈਰ-ਕਾਨੂੰਨੀ ਪ੍ਰਵਾਸੀ ਭਾਰਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ।

ਇਸ ਸਮੇਂ ਦੌਰਾਨ, ਮੈਕਸੀਕੋ ਸਰਹੱਦ ਤੋਂ ਘੁਸਪੈਠ ਦੀਆਂ ਘਟਨਾਵਾਂ ਵਿੱਚ 94% ਦੀ ਕਮੀ ਆਈ ਹੈ। ਬਿਡੇਨ ਦੇ ਕਾਰਜਕਾਲ ਦੌਰਾਨ, ਇਸ ਸਾਲ 1 ਜਨਵਰੀ ਤੋਂ 19 ਜਨਵਰੀ ਦੇ ਵਿਚਕਾਰ, ਹਰ ਰੋਜ਼ ਔਸਤਨ 2087 ਘੁਸਪੈਠ ਦੀਆਂ ਘਟਨਾਵਾਂ ਵਾਪਰੀਆਂ, ਜਦੋਂ ਕਿ ਟਰੰਪ ਦੇ ਸੱਤਾ ਸੰਭਾਲਣ ਤੋਂ ਬਾਅਦ, 20 ਜਨਵਰੀ ਤੋਂ 31 ਜਨਵਰੀ ਤੱਕ, ਇਹ ਅੰਕੜਾ ਘੱਟ ਕੇ 126 ਰਹਿ ਗਿਆ।