ਬਿਊਰੋ ਰਿਪੋਰਟ (12 ਨਵੰਬਰ, 2025): ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਪਹਿਲਾਂ ਦੇ ਸਖ਼ਤ ਰੁਖ ਤੋਂ ਪਿੱਛੇ ਹਟਦਿਆਂ H-1B ਵੀਜ਼ਾ ਨੀਤੀ ਨੂੰ ਲੈ ਕੇ ਨਰਮ ਸੁਝਾਅ ਦਿੱਤਾ ਹੈ। ਉਸਨੇ ਮੰਨਿਆ ਹੈ ਕਿ ਅਮਰੀਕਾ ਨੂੰ ਉੱਚ ਤਕਨੀਕੀ ਅਤੇ ਉਦਯੋਗਿਕ ਖੇਤਰਾਂ ਵਿੱਚ ਵਿਦੇਸ਼ੀ ਪ੍ਰਤਿਭਾਵਾਂ ਦੀ ਲੋੜ ਹੈ।
ਫੌਕਸ ਨਿਊਜ਼ ਨੂੰ ਦਿੱਤੇ ਇੰਟਰਵਿਊ ਦੌਰਾਨ ਟਰੰਪ ਨੇ ਕਿਹਾ ਕਿ ਹਰ ਅਮਰੀਕੀ ਬੇਰੋਜ਼ਗਾਰ ਨੂੰ ਤੁਰੰਤ ਹੀ ਤਜਰਬੇਕਾਰ ਕੰਮਾਂ ਲਈ ਤਿਆਰ ਨਹੀਂ ਕੀਤਾ ਜਾ ਸਕਦਾ। ਕੁਝ ਖ਼ਾਸ ਖੇਤਰਾਂ ਵਿੱਚ ਵਿਦੇਸ਼ੀ ਤਜਰਬੇਕਾਰਾਂ ਦੀ ਮੰਗ ਹੈ ਜੋ ਦੇਸ਼ ਦੀ ਤਕਨੀਕੀ ਅਗਵਾਈ ਨੂੰ ਕਾਇਮ ਰੱਖਣ ਲਈ ਜ਼ਰੂਰੀ ਹੈ।
ਟਰੰਪ ਨੇ ਕਿਹਾ, “ਮੈਂ ਮੰਨਦਾ ਹਾਂ ਕਿ ਅਮਰੀਕੀ ਕਰਮਚਾਰੀਆਂ ਦੀ ਤਨਖ਼ਾਹ ਵਧਣੀ ਚਾਹੀਦੀ ਹੈ, ਪਰ ਸਾਡੇ ਕੋਲ ਕੁਝ ਹੁਨਰ ਨਹੀਂ ਹਨ ਜੋ ਬਾਹਰੋਂ ਲਿਆਉਣੇ ਪੈਣਗੇ।”
ਹਾਲ ਹੀ ’ਚ ਟਰੰਪ ਸਰਕਾਰ ਨੇ H-1B ਵੀਜ਼ਾ ਲਈ ਨਵਾਂ ਹੁਕਮ ਜਾਰੀ ਕੀਤਾ ਹੈ ਜਿਸ ਦੇ ਤਹਿਤ ਨਵੇਂ ਅਰਜ਼ੀਦਾਰਾਂ ਨੂੰ ਹੁਣ 1,500 ਡਾਲਰ ਦੀ ਥਾਂ 100,000 ਡਾਲਰ ਫੀਸ ਦੇਣੀ ਪਵੇਗੀ। ਇਹ ਨਿਯਮ ਸਿਰਫ਼ 21 ਸਤੰਬਰ ਤੋਂ ਬਾਅਦ ਵਾਲੀਆਂ ਨਵੀਆਂ ਅਰਜ਼ੀਆਂ ’ਤੇ ਲਾਗੂ ਹੋਵੇਗਾ।
ਇੰਟਰਵਿਊ ਦੌਰਾਨ ਜਦੋਂ ਟਰੰਪ ਨੂੰ ਕਿਹਾ ਗਿਆ ਕਿ ਅਮਰੀਕਾ ਕੋਲ ਆਪਣੀ ਪ੍ਰਤਿਭਾ ਦੀ ਕੋਈ ਕਮੀ ਨਹੀਂ, ਤਾਂ ਉਸਨੇ ਜਵਾਬ ਦਿੱਤਾ, “ਨਹੀਂ, ਕੁਝ ਹੁਨਰ ਅਜਿਹੇ ਹਨ ਜੋ ਤੁਹਾਡੇ ਕੋਲ ਨਹੀਂ ਹਨ। ਤੁਸੀਂ ਕਿਸੇ ਬੇਰੋਜ਼ਗਾਰ ਨੂੰ ਕਹਿ ਨਹੀਂ ਸਕਦੇ ਕਿ ਚਲੋ ਹੁਣ ਮਿਸਾਈਲ ਬਣਾਉਣ ਦੇ ਫੈਕਟਰੀ ’ਚ ਕੰਮ ਕਰੋ।”
ਟਰੰਪ ਨੇ ਜਾਰਜੀਆ ਰਾਜ ਦਾ ਉਦਾਹਰਣ ਦਿੰਦਿਆਂ ਕਿਹਾ ਕਿ ਜਦੋਂ ਉੱਥੋਂ ਦੱਖਣੀ ਕੋਰੀਆ ਦੇ ਤਜਰਬੇਕਾਰ ਕਰਮਚਾਰੀ ਹਟਾਏ ਗਏ, ਤਾਂ ਬੈਟਰੀ ਨਿਰਮਾਣ ਵਰਗੇ ਜਟਿਲ ਕੰਮਾਂ ਵਿੱਚ ਮੁਸ਼ਕਲਾਂ ਆਈਆਂ।
ਉਨ੍ਹਾਂ ਨੇ ਜ਼ੋਰ ਦਿੱਤਾ ਕਿ ਉੱਚ ਤਕਨੀਕੀ ਉਦਯੋਗਾਂ ਲਈ ਵਿਸ਼ੇਸ਼ ਹੁਨਰ ਵਾਲੇ ਵਿਦੇਸ਼ੀ ਕਰਮਚਾਰੀ ਜ਼ਰੂਰੀ ਹਨ ਤੇ ਉਨ੍ਹਾਂ ਦੀ ਥਾਂ ਬਿਨਾ ਤਜਰਬੇ ਵਾਲੇ ਲੋਕ ਤੁਰੰਤ ਨਹੀਂ ਲੈ ਸਕਦੇ।
ਟਰੰਪ ਦਾ ਇਹ ਬਿਆਨ ਉਨ੍ਹਾਂ ਦੀ ਪਹਿਲਾਂ ਦੀ ਕਠੋਰ H-1B ਵੀਜ਼ਾ ਨੀਤੀ ਤੋਂ ਇੱਕ ਵੱਡਾ ਬਦਲਾਵ ਮੰਨਿਆ ਜਾ ਰਿਹਾ ਹੈ।

