ਵਾਸ਼ਿੰਗਟਨ (23 ਅਪ੍ਰੈਲ, 2026): ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਸ਼ਲ ਮੀਡੀਆ ’ਤੇ ਰੇਡੀਓ ਹੋਸਟ ਮਾਈਕਲ ਸੈਵੇਜ ਦੀ ਇੱਕ ਚਿੱਠੀ ਸਾਂਝੀ ਕੀਤੀ ਹੈ, ਜਿਸ ਵਿੱਚ ਭਾਰਤ ਅਤੇ ਚੀਨ ਵਰਗੇ ਦੇਸ਼ਾਂ ਲਈ ਬੇਹੱਦ ਵਿਵਾਦਤ ਸ਼ਬਦਾਵਲੀ ਵਰਤੀ ਗਈ ਹੈ। ਇਸ ਚਿੱਠੀ ਵਿੱਚ ਭਾਰਤ ਅਤੇ ਚੀਨ ਨੂੰ ‘ਹੈੱਲ ਹੋਲ’ (ਨਰਕ ਦਾ ਦੁਆਰ) ਦੱਸਦਿਆਂ ਅਮਰੀਕਾ ਵਿੱਚ ਜਨਮ ਦੇ ਅਧਾਰ ’ਤੇ ਮਿਲਣ ਵਾਲੀ ਨਾਗਰਿਕਤਾ (Birthright Citizenship) ਦੀ ਸਖ਼ਤ ਅਲੋਚਨਾ ਕੀਤੀ ਗਈ ਹੈ।
ਨਾਗਰਿਕਤਾ ਕਾਨੂੰਨ ਦਾ ਵਿਰੋਧ
ਚਿੱਠੀ ਵਿੱਚ ਇਲਜ਼ਾਮ ਲਗਾਇਆ ਗਿਆ ਹੈ ਕਿ ਪ੍ਰਵਾਸੀ ਅਮਰੀਕਾ ਵਿੱਚ ਬੱਚਿਆਂ ਨੂੰ ਜਨਮ ਦੇ ਕੇ ਉਨ੍ਹਾਂ ਨੂੰ ਉੱਥੋਂ ਦੀ ਨਾਗਰਿਕਤਾ ਦਿਵਾਉਂਦੇ ਹਨ ਅਤੇ ਫਿਰ ‘ਚੇਨ ਮਾਈਗ੍ਰੇਸ਼ਨ’ ਰਾਹੀਂ ਆਪਣੇ ਪੂਰੇ ਪਰਿਵਾਰ ਨੂੰ ਅਮਰੀਕਾ ਬੁਲਾ ਲੈਂਦੇ ਹਨ। ਸੈਵੇਜ ਨੇ ਮੰਗ ਕੀਤੀ ਹੈ ਕਿ ਇਸ ਕਾਨੂੰਨ ਦਾ ਫੈਸਲਾ ਅਦਾਲਤਾਂ ਦੀ ਬਜਾਏ ਦੇਸ਼ ਵਿਆਪੀ ਵੋਟਿੰਗ ਰਾਹੀਂ ਹੋਣਾ ਚਾਹੀਦਾ ਹੈ।

ਕੈਲੀਫੋਰਨੀਆ ਦੇ ਟੈੱਕ ਸੈਕਟਰ ’ਤੇ ਟਿੱਪਣੀ
ਇਸ ਲਿਖਤ ਵਿੱਚ ਕੈਲੀਫੋਰਨੀਆ ਦੇ ਹਾਈ-ਟੈੱਕ ਸੈਕਟਰ ਦਾ ਵਿਸ਼ੇਸ਼ ਜ਼ਿਕਰ ਕਰਦਿਆਂ ਕਿਹਾ ਗਿਆ ਹੈ ਕਿ ਉੱਥੇ ਭਾਰਤੀ ਅਤੇ ਚੀਨੀ ਲੋਕਾਂ ਦਾ ਦਬਦਬਾ ਇੰਨਾ ਵਧ ਗਿਆ ਹੈ ਕਿ ਬਾਕੀ ਲੋਕਾਂ ਲਈ ਮੌਕੇ ਖ਼ਤਮ ਹੁੰਦੇ ਜਾ ਰਹੇ ਹਨ। ਇਲਜ਼ਾਮ ਲਗਾਇਆ ਗਿਆ ਹੈ ਕਿ ਭਰਤੀ ਪ੍ਰਕਿਰਿਆ ਨਿਰਪੱਖ ਨਹੀਂ ਹੈ ਅਤੇ ਯੋਗਤਾ ਦੀ ਬਜਾਏ ਖ਼ਾਸ ਦੇਸ਼ਾਂ ਦੇ ਲੋਕਾਂ ਨੂੰ ਪਹਿਲ ਦਿੱਤੀ ਜਾ ਰਹੀ ਹੈ।
ਚਿੱਠੀ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਪ੍ਰਵਾਸੀ ਅਮਰੀਕਾ ਦੀਆਂ ਸਿਹਤ ਸੇਵਾਵਾਂ ਅਤੇ ਵੈਲਫੇਅਰ ਸਕੀਮਾਂ ਦਾ ਗ਼ਲਤ ਫਾਇਦਾ ਉਠਾ ਰਹੇ ਹਨ, ਜਿਸ ਦਾ ਵਿੱਤੀ ਬੋਝ ਅਮਰੀਕੀ ਟੈਕਸ ਦਾਤਾਵਾਂ ’ਤੇ ਪੈ ਰਿਹਾ ਹੈ। ਇਸ ਤੋਂ ਇਲਾਵਾ, ਅਮਰੀਕਨ ਸਿਵਲ ਲਿਬਰਟੀ ਯੂਨੀਅਨ (ACLU) ਵਰਗੀਆਂ ਸੰਸਥਾਵਾਂ ‘ਤੇ ਵੀ ਨਿਸ਼ਾਨਾ ਸਾਧਿਆ ਗਿਆ ਹੈ, ਜੋ ਪ੍ਰਵਾਸੀਆਂ ਦੇ ਹੱਕਾਂ ਦੀ ਵਕਾਲਤ ਕਰਦੀਆਂ ਹਨ।

