ਬਿਊਰੋ ਰਿਪੋਰਟ: ਟਰੰਪ ਪ੍ਰਸ਼ਾਸਨ ਨੇ ਵੇਨੇਜ਼ੂਏਲਾ ਦੇ ਨੇੜੇ ਤਿੰਨ ਵਾਰਸ਼ਿਪ ਭੇਜੇ ਹਨ। ਇਹ ਵਾਰਸ਼ਿਪ ਅਗਲੇ ਕੁੱਝ ਘੰਟਿਆਂ ਵਿੱਚ ਵੇਨੇਜ਼ੂਏਲਾ ਦੇ ਤੱਟ ’ਤੇ ਪਹੁੰਚ ਜਾਣਗੇ। ਰਾਇਟਰਜ਼ ਮੁਤਾਬਕ, ਟਰੰਪ ਪ੍ਰਸ਼ਾਸਨ ਨੇ ਸੋਮਵਾਰ ਨੂੰ ਕਿਹਾ ਕਿ ਇਹ ਤਾਇਨਾਤੀ ਡਰੱਗ ਕਾਰਟੈਲਾਂ (ਡਰੱਗ ਤਸਕਰੀ ਕਰਨ ਵਾਲੇ ਗਿਰੋਹਾਂ) ਅਤੇ ਇਸ ਨਾਲ ਜੁੜੀ ਹਿੰਸਾ ਨੂੰ ਰੋਕਣ ਲਈ ਕੀਤੀ ਗਈ ਹੈ।
ਟਰੰਪ ਪ੍ਰਸ਼ਾਸਨ ਦਾ ਮੰਨਣਾ ਹੈ ਕਿ ਵੇਨੇਜ਼ੂਏਲਾ ਦੀ ਸਰਕਾਰ ਡਰੱਗ ਤਸਕਰੀ ਨੂੰ ਵਧਾਵਾ ਦੇ ਰਹੀ ਹੈ। ਹਾਲਾਂਕਿ, ਵੇਨੇਜ਼ੂਏਲਾ ਨੇ ਅਮਰੀਕਾ ਦੇ ਸਾਰੇ ਇਲਜ਼ਾਮਾਂ ਨੂੰ ਨਕਾਰ ਦਿੱਤਾ ਹੈ। ਵੇਨੇਜ਼ੂਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੂਰੋ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਵਾਰਸ਼ਿਪ ਦੀ ਤਾਇਨਾਤੀ ਦੇ ਵਿਰੋਧ ਵਿੱਚ ਉਹਨਾਂ ਨੇ 45 ਲੱਖ ਸੈਨਿਕਾਂ ਨੂੰ ਤਾਇਨਾਤ ਕਰ ਦਿੱਤਾ ਹੈ।
ਅਮਰੀਕੀ ਰੱਖਿਆ ਮੰਤਰਾਲੇ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ USS ਗ੍ਰੇਵਲੀ, USS ਜੇਸਨ ਡਨਹਮ ਅਤੇ USS ਸੈਮਪਸਨ ਨਾਂ ਦੇ ਤਿੰਨ ਏਜਿਸ ਗਾਈਡਡ-ਮਿਸਾਈਲ ਡੈਸਟਰੌਇਰ ਵਾਰਸ਼ਿਪ ਜਲਦੀ ਹੀ ਵੇਨੇਜ਼ੂਏਲਾ ਦੇ ਤੱਟ ’ਤੇ ਪਹੁੰਚਣ ਵਾਲੇ ਹਨ। ਇਹ ਤਿੰਨੋ ਵਾਰਸ਼ਿਪ ਹਵਾ, ਸਮੁੰਦਰ ਅਤੇ ਪੰਡੁਬੀ ਹਮਲਿਆਂ ਤੋਂ ਰੱਖਿਆ ਕਰਨ ਵਿੱਚ ਮਾਹਰ ਹਨ।
ਇਨ੍ਹਾਂ ਨਾਲ 4,000 ਸੈਨਿਕ, P-8A ਪੋਸਾਈਡਨ ਜਹਾਜ਼ ਅਤੇ ਇੱਕ ਹਮਲਾਵਰ ਪਣਡੁੱਬੀ ਵੀ ਸ਼ਾਮਲ ਕੀਤੀ ਗਈ ਹੈ। ਇਹ ਪੂਰਾ ਬਲ ਅਗਲੇ ਕੁਝ ਮਹੀਨਿਆਂ ਤੱਕ ਇਸ ਇਲਾਕੇ ਵਿੱਚ ਡਰੱਗ ਤਸਕਰੀ ਵਿਰੁੱਧ ਅਭਿਆਨ ਦਾ ਹਿੱਸਾ ਬਣਿਆ ਰਹੇਗਾ।