‘ਦ ਖਾਲਸ ਬਿਊਰੋ:- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ WHO ਯਾਨਿ ਵਿਸ਼ਵ ਸਿਹਤ ਜਥੇਬੰਦੀ ਨਾਲ ਆਖ਼ਰਕਾਰ ਸਾਰੇ ਰਿਸ਼ਤੇ ਤੋੜ ਦਿੱਤੇ ਹਨ। ਟਰੰਪ ਨੇ ਸ਼ੁਕਰਵਾਰ ਨੂੰ ਐਲਾਨ ਕੀਤਾ ਕਿ ਵਾਸ਼ਿੰਗਟਨ ਵਿਸ਼ਵ ਸਿਹਤ ਸੰਗਠਨ ਨਾਲ ਆਪਣਾ ਰਿਸ਼ਤਾ ਖ਼ਤਮ ਕਰਦਾ ਹੈ। ਇਸ ਦੇ ਨਾਲ ਹੀ ਟਰੰਪ ਨੇ ਚੀਨ ‘ਤੇ ਕਈ ਵਪਾਰਿਕ ਤੇ ਡਿਪਲੋਮੈਟਿਕ ਫੈਸਲੇ ਵੀ ਲਏ।
ਟਰੰਪ ਨੇ ਵ੍ਹਾਈਟ ਹਾਊਸ ਤੋਂ ਐਲਾਨ ਕੀਤਾ ਕਿ ਅਮਰੀਕਾ ਵਿੱਚ ਚੀਨ ਦੇ ਖੋਜਕਰਤਾ ‘ਤੇ ਰੋਕ ਲਾ ਦਿੱਤੀ ਜਾਵੇ ਅਤੇ ਉਨ੍ਹਾਂ ਨੇ ਚੀਨ ਦੀਆਂ ਕਈ ਕੰਪਨੀਆਂ ਜਿਹੜੀਆਂ ਅਮਰੀਕੀ ਸਟਾਕ ਐਕਸਚੈਂਜ ਵਿੱਚ ਆਉਂਦੀਆਂ ਨੇ ਅਤੇ ਅਮਰੀਕੀ ਕਾਨੂੰਨ ਦੇ ਮੱਦੇਨਜ਼ਰ ਨਹੀਂ ਚਲਦੀਆਂ, ਓਨ੍ਹਾਂ ਦੇ ਖਿਲਾਫ ਸਖ਼ਤ ਐਕਸ਼ਨ ਲੈਣ ਦਾ ਵੀ ਐਲਾਨ ਵੀ ਕੀਤਾ ਹੈ।
ਇਸ ਦੇ ਨਾਲ ਹਾਂਗਕਾਂਗ ਦੇ ਨਾਲ ਵਪਾਰਿਕ ਅਤੇ ਯਾਤ੍ਰਿਕ ਸੰਬੰਧ ‘ਤੇ ਰੋਕ ਲਾਉਣ ਦਾ ਵਿਚਾਰ ਵੀ ਕੀਤਾ ਜਾ ਰਿਹਾ ਹੈ ਟਰੰਪ ਨੇ ਆਪਣੇ ਮੁਲਕ ਦੀ ਪਿਛਲੀ ਸਰਕਾਰ ‘ਤੇ ਵੀ ਇਲਜ਼ਾਮ ਲਾਇਆ ਕਿ ਉਨ੍ਹਾਂ ਨੇ ਚੀਨ ਨੂੰ ਅਮਰੀਕਾ ਨਾਲ ਧੋਖਾ ਕਰਨ ਦਾ ਮੌਕਾ ਦਿੱਤਾ ਅਤੇ ਉਹ ਇਹ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਨਗੇ। ਪੱਤਰਕਾਰਾਂ ਦੇ ਹੋਰ ਕਿਸੇ ਵੀ ਸਵਾਲ ਦਾ ਜਵਾਬ ਨਾ ਦਿੰਦੇ ਹੋਏ, ਟਰੰਪ ਆਪਣੀ ਇੰਨੀ ਕੁ ਗੱਲ ਕਹਿਕੇ ਪ੍ਰੈਸ ਕਾਨਫਰੰਸ ਖ਼ਤਮ ਕਰ ਗਏ। ਇਸ ਕਾਨਫਰੰਸ ‘ਚ ਬੈਠੇ ਕਈ ਪੱਤਰਕਾਰਾਂ ਨੇ ਸਵਾਲ ਪੁੱਛਣ ਦੀ ਕੋਸ਼ਿਸ਼ ਕੀਤੀ, ਪਰ ਟਰੰਪ ਨੇ ਕੋਈ ਜਵਾਬ ਦੇਣਾ ਜ਼ਰੂਰੀ ਨਹੀਂ ਸਮਝਿਆ।
ਵਿਸ਼ਵ ਪੱਧਰ ਸਿਹਤ ਸਲਾਹਕਾਰਾਂ ਦਾ ਮੰਨਣਾ ਹੈ ਕਿ ਮਹਾਂਮਾਰੀ ਦੇ ਟਾਈਮ ਟਰੰਪ ਦਾ ਅਜਿਹਾ ਫੈਸਲਾ ਲੈਣਾ ਬਹੁਤ ਖ਼ਤਰਨਾਕ ਹੈ। ਓਬਾਮਾ ਪ੍ਰਸ਼ਾਸਨ ਵਿੱਚ ਸਿਹਤ ਸੇਵਾਵਾਂ ਲਈ ਸਾਬਕਾ ਸਹਾਇਕ ਸਕੱਤਰ ਡਾ: ਹੋਵਰਡ ਕੋਹ ਨੇ ਕਿਹਾ, ”ਇਹ ਫੈਸਲਾ ਸਚਮੁੱਚ ਦੂਰਅੰਦੇਸ਼ੀ ਨਹੀਂ ਹੈ ਅਤੇ ਮਾੜੀ ਸਲਾਹ ਵਾਲਾ ਹੈ, ਇਹ ਫੈਸਲਾ ਅਮਰੀਕੀ ਜਾਨਾਂ ਨੂੰ ਵੀ ਜੋਖ਼ਮ ਵਿੱਚ ਪਾਉਂਦਾ ਹੈ।”
ਸੋਚਣ ਵਾਲੀ ਗੱਲ ਇਹ ਹੈ ਕਿ ਅਮਰੀਕੀ ਰਾਸ਼ਟਰਪਤੀ ਵੱਲੋਂ ਕੋਵਿਡ-19 ਦੀ ਮਹਾਂਮਾਰੀ ਦੇ ਵਕਤ ਇਹੋ ਜਿਹੇ ਫੈਸਲੇ ਲੈਣ ਵਿੱਚ ਸਮਾਜਿਕ ਭਲਾਈ ਕਿਵੇਂ ਦਿਖਾਈ ਦੇ ਰਹੀ ਹੈ ? ਅਜਿਹੇ ਫੈਸਲੇ ਨਾਲ ਉਹ ਅਮਰੀਕੀ ਲੋਕਾਂ ਅਤੇ ਸੰਸਾਰ ਵਿੱਚ ਹੋਰ ਵਸਦੇ ਲੋਕਾਂ ਨੂੰ ਪ੍ਰਭਾਵਿਤ ਕਰ ਸਕਦੇ ਹਨ।