India

ਭਾਰਤ ਵਿੱਚ 30 ਜੂਨ ਤੱਕ ਵਧਾਇਆ ਲਾਕਡਾਊਨ, ਧਾਰਮਿਕ ਸਥਾਨ ਖੋਲ੍ਹੇ

‘ਦ ਖ਼ਾਲਸ ਬਿਊਰੋ :- ਭਾਰਤ ਸਰਕਾਰ ਨੇ ਲਾਕਡਾਊਨ ਦੀ ਮਿਆਦ ਇੱਕ ਮਹੀਨੇ ਵਧਾਉਣ ਦਾ ਫੈਸਲਾ ਕੀਤਾ ਹੈ। ਇਸ ਦੇ ਤਹਿਤ ਅਗਲੇ ਇੱਕ ਮਹੀਨੇ ਦੇ ਦੌਰਾਨ ਕੰਟੇਨਮੈਂਟ ਜ਼ੋਨ ਦੇ ਬਾਹਰਲੇ ਖੇਤਰਾਂ ਵਿੱਚ ਪੜਾਅ-ਵਾਰ ਤਰੀਕੇ ਨਾਲ ਸਭ ਕੁੱਝ ਖੋਲ੍ਹ ਦਿੱਤਾ ਜਾਵੇਗਾ।
ਪਹਿਲੇ ਪੜਾਅ ਵਿੱਚ, ਧਾਰਮਿਕ ਸਥਾਨ, ਹੋਟਲ, ਰੈਸਟੋਰੈਂਟ ਤੇ ਸ਼ਾਪਿੰਗ ਮਾਲ 8 ਜੂਨ ਤੋਂ ਖੋਲ੍ਹੇ ਜਾਣਗੇ। ਸਰਕਾਰ ਇਸ ਨੂੰ ਅਨਲਾਕ ਫੇਜ਼-ਵਨ ਕਹਿ ਰਹੀ ਹੈ। ਦੂਜੇ ਪੜਾਅ ਵਿੱਚ ਸਕੂਲ, ਕਾਲਜ, ਵਿੱਦਿਅਕ ਅਦਾਰੇ, ਸਿਖਲਾਈ ਕੇਂਦਰ, ਕੋਚਿੰਗ ਸੈਂਟਰ ਸੂਬਾ ਸਰਕਾਰ ਨਾਲ ਵਿਚਾਰ ਕਰਨ ਤੋਂ ਬਾਅਦ ਖੋਲ੍ਹੇ ਜਾਣਗੇ। ਤੀਜੇ ਪੜਾਅ ਵਿੱਚ, ਅੰਤਰਰਾਸ਼ਟਰੀ ਹਵਾਈ ਯਾਤਰਾ, ਮੈਟਰੋ ਸੇਵਾਵਾਂ, ਸਿਨੇਮਾ ਹਾਲ, ਜਿੰਮ, ਸਵੀਮਿੰਗ ਪੂਲ ਤੇ ਮਨੋਰੰਜਨ ਪਾਰਕ ਆਦਿ ਖੋਲ੍ਹਣ ਦੇ ਤਰੀਕਿਆਂ ਦਾ ਐਲਾਨ ਹਾਲਾਤਾਂ ਦੇ ਵਿਸ਼ਲੇਸ਼ਣ ਤੋਂ ਬਾਅਦ ਕੀਤਾ ਜਾਵੇਗਾ।

ਹਾਲਾਂਕਿ, ਕੰਟੇਨਮੈਂਟ ਜ਼ੋਨ ਵਿੱਚ 30 ਜੂਨ ਤੱਕ ਪੂਰਾ ਲਾਕਡਾਊਨ ਰਹੇਗਾ। ਇਸ ਦੇ ਨਾਲ ਹੀ ਸੂਬਿਆਂ ਦੇ ਅੰਦਰ ਜਾਂ ਦੋ ਸੂਬਿਆਂ ਦੇ ਦਰਮਿਆਨ ਲੋਕਾਂ ਦੀ ਆਵਾਜਾਈ ‘ਤੇ ਕੋਈ ਪਾਬੰਦੀ ਨਹੀਂ ਹੋਵੇਗੀ। ਕੋਈ ਈ-ਪਾਸ ਦੀ ਜ਼ਰੂਰਤ ਨਹੀਂ ਪਵੇਗੀ। ਜੇ ਕੋਈ ਸੂਬਾ ਜਾਂ ਜ਼ਿਲ੍ਹਾ ਪ੍ਰਸ਼ਾਸਨ ਲੋਕਾਂ ਦੀ ਆਵਾਜਾਈ ਨੂੰ ਰੋਕਣਾ ਚਾਹੁੰਦਾ ਹੈ, ਤਾਂ ਇਸ ਆਦੇਸ਼ ਦੇ ਪੂਰੇ ਪ੍ਰਚਾਰ ਤੋਂ ਬਾਅਦ ਰੋਕ ਲਗਾਈ ਜਾ ਸਕਦੀ ਹੈ। ਇਸ ਸਬੰਧੀ ਗਤੀਵਿਧੀਆਂ ਨਾਲ ਜੁੜੇ ਲੋਕਾਂ ਨੂੰ ਜਾਣਕਾਰੀ ਵੀ ਦਿੱਤੀ ਜਾਵੇਗੀ। ਜੋ ਕਿ ਹੇਠ ਲਿਖੇ ਅਨੁਸਾਰ ਹੈ:-

ਕੰਟੇਨਮੈਂਟ ਜ਼ੋਨ ਵਿੱਚ ਕਿਵੇਂ ਹੋਵੇਗਾ ਲੌਕਡਾਊਨ? :-

1. ਜੂਨ 30, ਤੱਕ ਲੌਕਡਾਊਨ ਦੇਸ ਦੇ ਕੰਟੇਨਮੈਂਟ ਜ਼ੋਨਾਂ ਵਿੱਚ ਲਾਗੂ ਰਹੇਗਾ।

2. ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਵਲੋਂ ਜਾਰੀ ਹਦਾਇਤਾਂ ਦੇ ਅਧੀਨ ਜ਼ਿਲ੍ਹਾ ਅਧਿਕਾਰੀ ਕੰਟੇਨਮੈਂਟ ਜ਼ੋਨ ਬਣਾਉਣਗੇ।

3. ਇਨ੍ਹਾਂ ਇਲਾਕਿਆਂ ਵਿੱਚ ਸਿਰਫ਼ ਜ਼ਰੂਰੀ ਗਤਿਵਿਧੀਆਂ ਕਰਨ ਦੀ ਇਜਾਜ਼ਤ ਹੋਵੇਗੀ।

4. ਇਸ ਤੋਂ ਇਲਾਵਾ ਇਸ ਗੱਲ ਦਾ ਖਾਸ ਧਿਆਨ ਰੱਖਿਆ ਜਾਵੇਗਾ ਕਿ ਕੰਟੇਨਮੈਂਟ ਜ਼ੋਨ ਵਿੱਚ ਸਖ਼ਤੀ ਨਾਲ ਆਉਣ-ਜਾਣ ‘ਤੇ ਮਨਾਹੀ ਹੋਵੇਗੀ।

5. ਮੈਡੀਕਲ ਖੇਤਰ ਨਾਲ ਜੁੜੀਆਂ ਸੇਵਾਵਾਂ ਦੇ ਨਾਲ ਜ਼ਰੂਰੀ ਸਮਾਨ ਲਿਆਉਣ ਦੀ ਇਜ਼ਾਜਤ ਹੋਵੇਗੀ।

6. ਕੰਟੇਨਮੈਂਟ ਜ਼ੋਨ ਵਿੱਚ ਘਰ-ਘਰ ਵਿੱਚ ਸਰਵੇਖਣ ਕੀਤਾ ਜਾਵੇਗਾ ਤੇ ਕੋਰੋਨਾ ਪੀੜਤਾਂ ਦੇ ਸੰਪਰਕ ਵਿੱਚ ਆਉਣ ਵਾਲਿਆਂ ‘ਤੇ ਵੀ ਨਜ਼ਰ ਰੱਖੀ ਜਾਵੇਗੀ।

7. ਇਸ ਤੋਂ ਇਲਾਵਾ ਕੰਟੇਨਮੈਂਟ ਜ਼ੋਨ ਤੋਂ ਬਾਹਰ ਜ਼ਿਲ੍ਹਾ ਪ੍ਰਸ਼ਾਸਨ ਨੂੰ ਬਫ਼ਰ ਜ਼ੋਨ ਬਣਾਉਣ ਦੀ ਇਜ਼ਾਜਤ ਹੋਵੇਗੀ। ਇਹ ਉਹ ਇਲਾਕੇ ਹੋਣਗੇ ਜਿੱਥੇ ਕੋਰੋਨਾਵਾਇਰਸ ਦੇ ਮਾਮਲੇ ਵੱਧਣ ਦਾ ਖਦਸ਼ਾ ਹੋਵੇ।

ਕੋਵਿਡ-19 ਅਨਲਾਕ ਫੇਜ਼-1 ਦੇ ਨਿਯਮ :-

1. ਜਨਤਕ ਸਥਾਨਾਂ, ਕੰਮ ਦੀਆਂ ਥਾਵਾਂ ਤੇ ਟਰਾਂਸਪੋਰਟ ਵਰਤਣ ਵੇਲੇ ਲੋਕਾਂ ਲਈ ਮਾਸਕ ਪਾਉਣਾ ਹੋਵੇਗਾ ਜ਼ਰੂਰੀ।

2. ਲੋਕਾਂ ਨੂੰ ਇੱਕ-ਦੂਜੇ ਤੋਂ ਸੋਸ਼ਲ ਡਿਸਟੈਂਸਿੰਗ ਬਰਕਰਾਰ ਰੱਖਣੀ ਹੋਵੇਗੀ, ਜਿਸ ਵਿੱਚ ਘੱਟੋ-ਘੱਟ 2 ਗਜ ਦੀ ਦੂਰੀ ਬਣਾ ਕੇ ਰੱਖਣੀ ਪਵੇਗੀ।

3. ਇੱਕਠ ਕਰਨ ‘ਤੇ ਮਨਾਹੀ ਰਹੇਗੀ, ਵਿਆਹਾਂ ਵਿੱਚ 50 ਤੇ ਸਸਕਾਰ ‘ਤੇ 20 ਨਾਲੋਂ ਵਧ ਲੋਕ ਇੱਕਠੇ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ।

4. ਜਨਤਕ ਥਾਵਾਂ ‘ਤੇ ਥੁੱਕਣ ਕਰਕੇ ਜੁਰਮਾਨਾ ਲੱਗਣ ਦੇ ਨਾਲ ਸਜ੍ਹਾ ਵੀ ਹੋ ਸਕਦੀ ਹੈ। ਸੂਬਾ ਸਰਕਾਰ ਜਲਦ ਹੀ ਜੁਰਮਾਨੇ ਦੀ ਰਾਸ਼ੀ ਤੇ ਸਜ੍ਹਾ ‘ਤੇ ਫ਼ੈਸਲਾ ਲਵੇਗੀ।

5. ਜਨਤਕ ਥਾਵਾਂ ‘ਤੇ ਸ਼ਰਾਬ ਪੀਣ, ਪਾਨ, ਗੁਟਕਾ, ਤਬਾਕੂ ਆਦਿ ਖਾਣ ‘ਤੇ ਪਾਬੰਦੀ ਹੋਵੇਗੀ।

6. ਜਿਨਾਂ ਹੋ ਸਕੇ, ਵਰਕ ਫਰਾਮ ਹੋਮ ਕਰੋ।

7. ਜਨਤਕ ਥਾਵਾਂ ਤੇ ਦਫ਼ਤਰਾਂ ਆਦਿ ਵਿੱਚ ਥਰਮਲ ਸਕਰੀਨਿੰਗ, ਹੱਥ ਧੋਣ ਆਦਿ ਦੀਆਂ ਸੁਵਿਧਾਵਾਂ ਮੁੱਹਈਆ ਕਰਵਾਈਆਂ ਜਾਣਗੀਆਂ।