ਅਮਰੀਕੀ ਰਾਜਧਾਨੀ ਵਾਸ਼ਿੰਗਟਨ ਵਿੱਚ ਬੁੱਧਵਾਰ ਦੁਪਹਿਰ ਨੂੰ ਫਰਾਗੁਟ ਵੈਸਟ ਮੈਟਰੋ ਸਟੇਸ਼ਨ (ਵ੍ਹਾਈਟ ਹਾਊਸ ਦੇ ਨੇੜੇ) ’ਤੇ ਇੱਕ ਅਫਗਾਨ ਮੂਲ ਦੇ ਵਿਅਕਤੀ ਨੇ ਦੋ ਨੈਸ਼ਨਲ ਗਾਰਡ ਮੈਂਬਰਾਂ ’ਤੇ ਗੋਲੀਬਾਰੀ ਕੀਤੀ। ਦੋਵੇਂ ਜਵਾਨ ਗੰਭੀਰ ਜ਼ਖ਼ਮੀ ਹੋ ਗਏ ਅਤੇ ਹੈਲੀਕਾਪਟਰ ਰਾਹੀਂ ਹਸਪਤਾਲ ਲਿਜਾਏ ਗਏ।
ਸ਼ੱਕੀ ਨੂੰ ਮੌਕੇ ’ਤੇ ਹੀ ਗ੍ਰਿਫ਼ਤਾਰ ਕਰ ਲਿਆ ਗਿਆ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਘਟਨਾ ਨੂੰ “ਅੱਤਵਾਦੀ ਹਮਲਾ” ਕਰਾਰ ਦਿੱਤਾ ਅਤੇ ਤੁਰੰਤ ਵੱਡਾ ਫੈਸਲਾ ਲੈਂਦਿਆਂ ਸਾਰੇ ਅਫਗਾਨ ਨਾਗਰਿਕਾਂ ਦੀਆਂ ਇਮੀਗ੍ਰੇਸ਼ਨ ਤੇ ਸ਼ਰਣ ਅਰਜ਼ੀਆਂ ਦੀ ਪ੍ਰਵਾਨਗੀ ’ਤੇ ਪੂਰਨ ਰੋਕ ਲਗਾ ਦਿੱਤੀ।
ਯੂਐਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ (USCIS) ਨੇ ਇਹ ਹੁਕਮ “ਤੁਰੰਤ ਪ੍ਰਭਾਵੀ” ਦੱਸਿਆ।ਸ਼ੱਕੀ 2021 ਵਿੱਚ ਅਫਗਾਨਿਸਤਾਨ ਤੋਂ ਅਮਰੀਕਾ ਆਇਆ ਸੀ। ਉਹ ਬਿਡੇਨ ਪ੍ਰਸ਼ਾਸਨ ਦੌਰਾਨ ਆਏ ਹਜ਼ਾਰਾਂ ਅਫਗਾਨਾਂ ਵਿੱਚੋਂ ਇੱਕ ਸੀ। ਟਰੰਪ ਨੇ ਸਾਬਕਾ ਰਾਸ਼ਟਰਪਤੀ ਜੋਅ ਬਿਡੇਨ ’ਤੇ ਸਿੱਧਾ ਨਿਸ਼ਾਨਾ ਸਾਧਦਿਆਂ ਕਿਹਾ ਕਿ “ਇਹ ਵਿਅਕਤੀ ਬਿਡੇਨ ਦੀਆਂ ਨੀਤੀਆਂ ਕਾਰਨ ਹੀ ਸਾਡੇ ਦੇਸ਼ ਵਿੱਚ ਦਾਖ਼ਲ ਹੋਇਆ” ਅਤੇ ਉਸ ਦਾ ਸ਼ਰਣ ਦਰਜਾ ਵੀ ਬਿਡੇਨ ਨੇ ਹੀ ਮਨਜ਼ੂਰ ਕੀਤਾ ਸੀ।
ਟਰੰਪ ਨੇ ਐਲਾਨ ਕੀਤਾ ਕਿ 2021 ਤੋਂ ਬਾਅਦ ਅਮਰੀਕਾ ਆਏ ਸਾਰੇ ਅਫਗਾਨਾਂ ਦੀ ਸੁਰੱਖਿਆ ਸਮੀਖਿਆ ਕੀਤੀ ਜਾਵੇਗੀ। ਇਸ ਤੋਂ ਇਲਾਵਾ ਅਫਗਾਨ ਇਮੀਗ੍ਰੇਸ਼ਨ ਨਾਲ ਜੁੜੀਆਂ ਸਾਰੀਆਂ ਪ੍ਰਕਿਰਿਆਵਾਂ ਨੂੰ ਅਸਥਾਈ ਤੌਰ ’ਤੇ ਮੁਲਤਵੀ ਕਰ ਦਿੱਤਾ ਗਿਆ ਹੈ।ਇਹ ਘਟਨਾ ਅਮਰੀਕਾ ਵਿੱਚ ਇਮੀਗ੍ਰੇਸ਼ਨ ਨੀਤੀਆਂ ਨੂੰ ਲੈ ਕੇ ਨਵੀਂ ਬਹਿਸ ਛੇੜ ਸਕਦੀ ਹੈ।

