ਅਮਰੀਕਾ ਦੇ ਇੰਡੀਆਨਾ ਸੂਬੇ ਨੇ ਗੈਰ-ਕਾਨੂੰਨੀ ਤੌਰ ’ਤੇ ਰਹਿਣ ਵਾਲੇ ਟਰੱਕ ਡਰਾਈਵਰਾਂ ਦੇ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ (CDL) ਰੱਦ ਕਰਨ ਦਾ ਵੱਡਾ ਫੈਸਲਾ ਲਿਆ ਹੈ। ਇਸ ਨਵੀਂ ਕਾਨੂੰਨੀ ਕਾਰਵਾਈ ਕਾਰਨ ਲਗਭਗ 1790 ਡਰਾਈਵਰਾਂ ਨੂੰ ਆਪਣੀਆਂ ਨੌਕਰੀਆਂ ਗੁਆਉਣੀਆਂ ਪਈਆਂ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਪੰਜਾਬੀ ਸਿੱਖ ਡਰਾਈਵਰ ਹਨ।
ਗਵਰਨਰ ਮਾਈਕ ਬ੍ਰੌਨ ਨੇ ਮਾਰਚ 2026 ਵਿੱਚ ਹਾਊਸ ਐਨਰੋਲਡ ਐਕਟ 1200 ’ਤੇ ਦਸਤਖਤ ਕੀਤੇ ਸਨ। ਇਸ ਐਕਟ ਤਹਿਤ ਗੈਰ-ਨਿਵਾਸੀ ਲਾਇਸੈਂਸ ਰੱਦ ਕੀਤੇ ਗਏ ਹਨ। ਇੰਡੀਆਨਾ BMV ਨੇ 16 ਮਾਰਚ ਨੂੰ 1790 ਡਰਾਈਵਰਾਂ ਨੂੰ ਨੋਟਿਸ ਭੇਜ ਕੇ ਜਾਣਕਾਰੀ ਦਿੱਤੀ ਸੀ ਕਿ ਉਨ੍ਹਾਂ ਦੇ ਲਾਇਸੈਂਸ 1 ਅਪ੍ਰੈਲ ਤੋਂ ਆਪਣੇ ਆਪ ਐਕਸਪਾਇਰ ਹੋ ਜਾਣਗੇ। ਇਹ ਲਾਇਸੈਂਸ ਉਨ੍ਹਾਂ ਡਰਾਈਵਰਾਂ ਲਈ ਹਨ ਜਿਨ੍ਹਾਂ ਕੋਲ H-2A, H-2B ਜਾਂ E-2 ਵੀਜ਼ਾ ਨਹੀਂ ਹੈ। ਇੰਡੀਆਨਾ ਅਮਰੀਕਾ ਦਾ ਪਹਿਲਾ ਸੂਬਾ ਬਣਿਆ ਹੈ ਜਿਸ ਨੇ ਗੈਰ-ਕਾਨੂੰਨੀ ਪ੍ਰਵਾਸੀ ਟਰੱਕ ਡਰਾਈਵਰਾਂ ਖਿਲਾਫ ਇਸ ਤਰ੍ਹਾਂ ਦੀ ਸਖ਼ਤ ਕਾਰਵਾਈ ਕੀਤੀ ਹੈ।
ਇਸ ਫੈਸਲੇ ਦਾ ਕਾਰਨ ਫਰਵਰੀ 2026 ਵਿੱਚ ਵਾਪਰੇ ਦੋ ਵੱਡੇ ਟਰੱਕ ਹਾਦਸੇ ਦੱਸੇ ਗਏ ਹਨ। ਇੱਕ ਹਾਦਸੇ ਵਿੱਚ ਸੁਖਦੀਪ ਸਿੰਘ ਦੇ ਟਰੱਕ ਨਾਲ ਇੱਕ 64 ਸਾਲਾ ਵਿਅਕਤੀ ਦੀ ਮੌਤ ਹੋ ਗਈ ਸੀ। ਸਰਕਾਰ ਦਾ ਦਾਅਵਾ ਹੈ ਕਿ ਇਸ ਕਦਮ ਨਾਲ ਗੈਰ-ਸਿਖਲਾਈ ਪ੍ਰਾਪਤ ਅਤੇ ਅਯੋਗ ਡਰਾਈਵਰਾਂ ਨੂੰ ਰੋਕਿਆ ਜਾਵੇਗਾ ਅਤੇ ਸੜਕਾਂ ਨੂੰ ਵਧੇਰੇ ਸੁਰੱਖਿਅਤ ਬਣਾਇਆ ਜਾਵੇਗਾ। ਨਵੇਂ ਨਿਯਮਾਂ ਤਹਿਤ ਲਾਇਸੈਂਸ ਲਈ ਅੰਗਰੇਜ਼ੀ ਭਾਸ਼ਾ ਵਿੱਚ ਮੁਹਾਰਤ ਵੀ ਲਾਜ਼ਮੀ ਹੈ।
ਜਿਨ੍ਹਾਂ ਡਰਾਈਵਰਾਂ ਦੇ ਲਾਇਸੈਂਸ ਰੱਦ ਹੋਏ ਹਨ, ਉਨ੍ਹਾਂ ਨੂੰ ਨੌਕਰੀ ’ਤੇ ਰੱਖਣ ਵਾਲੇ ਟਰੱਕ ਮਾਲਕਾਂ ਉੱਤੇ 50,000 ਡਾਲਰ ਦਾ ਜੁਰਮਾਨਾ ਲਗਾਇਆ ਜਾਵੇਗਾ। ਇੰਡੀਆਨਾ ਦੇ ਅਟਾਰਨੀ ਜਨਰਲ ਟੌਡ ਰੌਕਟਾ ਨੇ ਕਿਹਾ ਕਿ ਇਸ ਫੈਸਲੇ ਦਾ ਉਦੇਸ਼ ਕਿਸੇ ਖਾਸ ਭਾਈਚਾਰੇ ਨੂੰ ਨਿਸ਼ਾਨਾ ਬਣਾਉਣਾ ਨਹੀਂ, ਸਗੋਂ ਇਹ ਯਕੀਨੀ ਬਣਾਉਣਾ ਹੈ ਕਿ ਟਰੱਕ ਚਲਾਉਣ ਵਾਲਾ ਵਿਅਕਤੀ ਪੂਰੀ ਤਰ੍ਹਾਂ ਸਿਖਲਾਈ ਪ੍ਰਾਪਤ ਅਤੇ ਕਾਨੂੰਨੀ ਤੌਰ ’ਤੇ ਯੋਗ ਹੋਵੇ।ਇਸ ਫੈਸਲੇ ਨਾਲ ਪੰਜਾਬੀ ਡਰਾਈਵਰਾਂ ਵਿੱਚ ਚਿੰਤਾ ਪੈਦਾ ਹੋ ਗਈ ਹੈ ਅਤੇ ਉਨ੍ਹਾਂ ਦੀ ਰੋਜ਼ੀ-ਰੋਟੀ ਉੱਤੇ ਗੰਭੀਰ ਅਸਰ ਪਿਆ ਹੈ।

