‘ਦ ਖ਼ਾਲਸ ਬਿਊਰੋ :- ਅਮਰੀਕਾ ’ਚ ਰਾਸ਼ਟਰਪਤੀ ਚੋਣਾਂ ਜੋ ਕਿ ਤਿੰਨ ਨਵੰਬਰ ਨੂੰ ਹੋਣੀਆਂ ਹਨ, ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕੱਲ੍ਹ ਕਿਹਾ ਕਿ ਉਹ ਚੋਣਾਂ ’ਚ ਦੇਰੀ ਨਹੀਂ ਕਰਨਾ ਚਾਹੁੰਦੇ ਪਰ ਉਨ੍ਹਾਂ ਨੂੰ ਡਾਕ ਰਾਹੀਂ ਵੋਟਿੰਗ ਦੀ ਗਿਣਤੀ ’ਚ ਹਫ਼ਤਿਆਂ ਦਾ ਸਮਾਂ ਲੱਗਣ ਦਾ ਖਦਸ਼ਾ ਸਤਾ ਰਿਹਾ ਹੈ। ਜਿਸ ਨਾਲ ਚੋਣ ਨਤੀਜੇ ਪ੍ਰਭਾਵਿਤ ਹੋ ਸਕਦੇ ਹਨ।
ਰਿਪਬਲਿਕਨ ਦੇ ਉਮੀਦਵਾਰ ਟਰੰਪ ਨੂੰ ਦੂਜੇ ਕਾਰਜਕਾਲ ਲਈ ਡੈਮੋਕਰੈਟ ਉਮੀਦਵਾਰ ਤੇ ਸਾਬਕਾ ਉੱਪ ਰਾਸ਼ਟਰਪਤੀ ਜੋਅ ਬਿਡੇਨ ਤੋਂ ਸਖ਼ਤ ਟੱਕਰ ਮਿਲ ਰਹੀ ਹੈ ਕਿਉਂਕਿ ਆਂਕੜਿਆਂ ‘ਚ ਬਿਡੇਨ ਟਰੰਪ ਨੂੰ ਪਛਾੜ ਕੇ ਅੱਗੇ ਚੱਲ ਰਹੇ ਹਨ। ਟਰੰਪ ਨੇ ਬੀਤੇ ਦਿਨ ਰਾਸ਼ਟਰਪਤੀ ਚੋਣਾਂ ਟਾਲਣ ਦੀ ਗੱਲ ਕਹੀ ਸੀ, ਜਿਸ ਦੀ ਵਿਰੋਧੀ ਧਿਰ ਵੱਲੋਂ ਆਲੋਚਨਾ ਕੀਤੇ ਜਾਣ ਮਗਰੋਂ ਉਹ ਆਪਣੀ ਗੱਲ ਤੋਂ ਪਿੱਛੇ ਹੱਟ ਗਏ ਹਨ।
ਟਰੰਪ ਨੇ ਆਪਣੇ ਟਵੀਟਰ ਅਕਾਉਂਟ ਰਾਹੀਂ ਕਿਹਾ ਕਿ, ‘ਇਨ੍ਹਾਂ ਸਾਰਿਆਂ ਲਈ ਡਾਕ ਰਹੀਂ ਵੋਟਿੰਗ ਇਤਿਹਾਸ ’ਚ ਸਭ ਤੋਂ ਗਲਤ ਤੇ ਧੋਖਾ ਦੇਣ ਵਾਲੀਆਂ ਚੋਣਾਂ ਹੋਣਗੀਆਂ, ਜੋ ਕਿ ਅਮਰੀਕਾ ਲਈ ਇੱਕ ਵੱਡੀ ਸ਼ਰਮ ਵਾਲੀ ਗੱਲ ਹੋਵੇਗੀ। ਜਦੋਂ ਕੋਵਿਡ-19 ਦੇ ਹਾਲਾਤ ਸਹੀ ਹੋ ਜਾਣ ਤਾਂ ਹੀ ਲੋਕ ਸਹੀ ਢੰਗ ਤੇ ਸੁਰੱਖਿਅਤ ਵੋਟ ਪਾਉਣ ਲਈ ਚੋਣਾਂ ਕਰਵਾਈਆਂ ਜਾਣ।’ ਟਰੰਪ ਨੇ ਦਲੀਲ ਦਿੱਤੀ ਕਿ ਡਾਕ ਰਾਹੀਂ ਵੋਟਿੰਗ ’ਚ ਧੋਖਾਧੜੀ ਹੋ ਸਕਦੀ ਹੈ ਤੇ ਇਨ੍ਹਾਂ ਦੀ ਗਿਣਤੀ ’ਚ ਵੀ ਸਮਾਂ ਲੱਗ ਸਕਦਾ ਹੈ।